ਤਰਲੋਚਨ ਸਿੰਘ ਦੀਪਾਲਪੁਰੀ ਸਮੇਤ ਨਵਾਂਸ਼ਹਿਰ ਦੀ ਪੰਥਕ ਲੀਡਰਸ਼ਿਪ ਵਲੋਂ ਢੀਂਡਸਾ ਦੀ ਹਮਾਇਤ ਦਾ ਐਲਾਨ

03/12/2020 12:34:09 PM

ਫਤਿਹਗੜ੍ਹ ਸਾਹਿਬ (ਜ. ਬ.): ਜ਼ਿਲਾ ਨਵਾਂਸ਼ਹਿਰ 'ਚ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਜਥੇਦਾਰ ਤਰਲੋਚਨ ਸਿੰਘ ਦੀਪਾਲਪੁਰੀ ਸਾਬਕਾ ਮੈਂਬਰ ਐੱਸ. ਜੀ. ਪੀ. ਸੀ. ਨੇ ਆਪਣੇ ਸਾਥੀਆਂ ਗੁਰਚਰਨ ਸਿੰਘ ਬਸਿਆਲਾ ਸਾਬਕਾ ਇੰਚਾਰਜ ਬੁੱਧੀਜੀਵੀ ਸੈੱਲ ਆਮ ਆਦਮੀ ਪਾਰਟੀ ਅਤੇ ਹਰਸ਼ਰਨ ਸਿੰਘ ਭਰਤਪੁਰ ਜੱਟਾਂ ਸਾਬਕਾ ਸੈਕਟਰ ਇੰਚਾਰਜ ਆਮ ਆਦਮੀ ਪਾਰਟੀ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੇ ਸੰਘਰਸ਼ ਵਿਚ ਪੂਰਨ ਸਹਿਯੋਗ ਦੇਣ ਦਾ ਐਲਾਨ ਸੁਖਦੇਵ ਸਿੰਘ ਢੀਂਡਸਾ ਦੇ ਨਜ਼ਦੀਕੀ ਸਾਥੀਆਂ ਮਨਜੀਤ ਸਿੰਘ ਭੋਮਾ (ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ) ਅਤੇ ਸਰਬਜੀਤ ਸਿੰਘ ਜੰਮੂ (ਮੁੱਖ ਸਲਾਹਕਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ) ਨਾਲ ਰਾਹੋਂ (ਜ਼ਿਲਾ ਨਵਾਂ ਸ਼ਹਿਰ) ਵਿਖੇ ਕੀਤੀ ਇਕ ਵਿਸ਼ੇਸ਼ ਮਿਲਣੀ ਵਿਚ ਕੀਤਾ।

ਇਨ੍ਹਾਂ ਨੇਤਾਵਾਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਮੁੱਖ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜ਼ੋਰਾਂ-ਸ਼ੋਰਾਂ ਨਾਲ ਕਥਿਤ ਲੁੱਟ-ਖਸੁੱਟ ਕੀਤੀ ਜਾ ਰਹੀ ਹੈ, ਹਰੇਕ ਛੋਟੇ-ਵੱਡੇ ਸੌਦੇ ਵਿਚ ਕਥਿਤ ਕਰੋੜਾਂ ਦੇ ਘਪਲੇ ਹੋ ਰਹੇ ਹਨ। ਸੰਗਤ ਦੇ ਦਸਵੰਧ ਦੀ ਦੁਰਵਰਤੋਂ ਮਸੰਦਾਂ ਵਾਂਗ ਕੀਤੀ ਜਾ ਰਹੀ ਹੈ, ਸਾਰੀਆਂ ਪੰਥਕ ਸੰਸਥਾਵਾਂ ਦਾ ਵੱਕਾਰ ਅਕਾਲੀ ਦਲ ਬਾਦਲ ਵੱਲੋਂ ਡੇਗਿਆ ਜਾ ਰਿਹਾ ਹੈ। ਇਸ ਨੂੰ ਨੱਥ ਪਾਉਣ ਅਤੇ ਪੰਥਕ ਸੰਸਥਾਵਾਂ ਦਾ ਵੱਕਾਰ ਬਹਾਲ ਕਰਵਾਉਣ ਲਈ ਅਤੇ ਮੁੱਖ ਮੰਤਰੀ ਪੰਜਾਬ ਦੇ ਜਿਗਰੀ ਯਾਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਉਣ ਲਈ ਸੁਖਦੇਵ ਸਿੰਘ ਢੀਂਡਸਾ ਤੋਂ ਵਧੀਆ ਆਗੂ ਹੋਰ ਕੋਈ ਨਹੀਂ ਹੈ। ਜਥੇਦਾਰ ਤਰਲੋਚਨ ਸਿੰਘ ਦੁਪਾਲਪੁਰੀ ਨੇ ਕਿਹਾ ਕਿ ਉਹ ਵਿਦੇਸ਼ ਵਿਚ ਵੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਜਥੇਬੰਦ ਕਰਨਗੇ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਬਸਿਆਲਾ ਅਤੇ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਨਾਲ ਮਿਲ ਕੇ ਮਨਜੀਤ ਸਿੰਘ ਭੋਮਾ ਅਤੇ ਸਰਬਜੀਤ ਸਿੰਘ ਸੰਮੂ ਨਾਲ ਸਲਾਹ ਕਰ ਕੇ ਗੜ੍ਹਸ਼ੰਕਰ ਵਿਖੇ ਇਕ ਵੱਡੀ ਮੀਟਿੰਗ ਕਰ ਕੇ ਸਰਦਾਰ ਢੀਂਡਸਾ ਨੂੰ ਸਨਮਾਨਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਹੁਸੈਨਪੁਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।


Shyna

Content Editor

Related News