ਘਰ ''ਚ ਜਾ ਵੜਿਆ ਤੇਜ਼ ਰਫਤਾਰ ਬੇਕਾਬੂ ਟੈਂਕਰ, ਵਿਧਵਾ ਔਰਤ ਦਾ ਸੀ ਘਰ
Thursday, Jan 05, 2023 - 01:39 AM (IST)
ਭਵਾਨੀਗੜ੍ਹ (ਵਿਕਾਸ ਮਿੱਤਲ)- ਬੀਤੀ ਦੇਰ ਸ਼ਾਮ ਨੇੜਲੇ ਪਿੰਡ ਕਪਿਆਲ ਵਿਖੇ ਇਕ ਤੇਜ਼ ਰਫ਼ਤਾਰ ਟੈਂਕਰ ਬੇਕਾਬੂ ਹੋ ਕੇ ਇਕ ਘਰ ਨਾਲ ਜਾ ਟਕਰਾਇਆ। ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਪਰੰਤੂ ਘਰ ਦੀ ਇਮਾਰਤ ਦਾ ਕਾਫੀ ਜਿਆਦਾ ਨੁਕਸਾਨ ਹੋਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਬਣਾਉਣ ਵਾਲੀ ਕੰਪਨੀ ਦੇ ਠੇਕੇਦਾਰਾਂ ਦਾ ਡਰਾਈਵਰ ਮੰਗਲਵਾਰ ਸ਼ਾਮ ਨੂੰ ਪਾਣੀ ਵਾਲਾ ਟੈਂਕਰ ਲੈ ਕੇ ਘਨੌੜ ਪਿੰਡ ਵੱਲੋਂ ਆ ਰਿਹਾ ਸੀ ਤਾਂ ਇਸ ਦੌਰਾਨ ਟੈਂਕਰ ਦੀ ਰਫ਼ਤਾਰ ਤੇਜ ਹੋਣ ਕਾਰਨ ਉਸ ਦਾ ਚਾਲਕ ਮੋੜ 'ਤੇ ਆਪਣਾ ਸੰਤੁਲਨ ਗੁਆ ਬੈਠਾ ਤੇ ਟੈਂਕਰ ਬੇਕਾਬੂ ਹੋ ਕੇ ਮੋੜ ਮੁੜਨ ਦੀ ਬਜਾਏ ਸਾਹਮਣੇ ਸਥਿਤ ਇਕ ਵਿਧਵਾ ਔਰਤ ਕੁਲਵੰਤ ਕੌਰ ਦੇ ਘਰ ਨਾਲ ਜਾ ਟਕਰਾਇਆ।
ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਹੋਈ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 4 ਨੌਜਵਾਨ ਜ਼ਖ਼ਮੀ
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਦਿਨ-ਦਿਹਾੜੇ ਹੋਇਆ ਕਤਲ, ਘਰ 'ਚ ਵੜ ਕੇ ਤਾੜ-ਤਾੜ ਚਲਾਈਆਂ ਗੋਲ਼ੀਆਂ
ਲੋਕਾਂ ਦੇ ਦੱਸਣ ਮੁਤਾਬਕ ਹਾਦਸੇ ਸਮੇਂ ਟੈਂਕਰ ਦਾ ਚਾਲਕ ਕਥਿਤ ਰੂਪ 'ਚ ਨਸ਼ੇ ਦੀ ਹਾਲਤ ਵਿਚ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਟੈਂਕਰ ਦੇ ਟਕਰਾਉਣ ਕਾਰਨ ਘਰ ਦੀ ਬਾਹਰੀ ਦੀਵਾਰ, ਬਗੀਚੇ ਵਾਲੀ ਕੰਧ ਡਿੱਗਣ ਸਮੇਤ ਘਰ ਦੀ ਪੂਰੀ ਇਮਾਰਤ ਹਿੱਲ ਗਈ। ਲੋਕਾਂ ਦਾ ਕਹਿਣਾ ਸੀ ਕਿ ਖੁਸ਼ਕਿਸਮਤੀ ਰਹੀ ਕਿ ਘਟਨਾ ਵਾਪਰਨ ਸਮੇਂ ਕੋਈ ਵਿਅਕਤੀ ਜਾਂ ਨੁਕਸਾਨੇ ਗਏ ਘਰ ਦਾ ਪਰਿਵਾਰਕ ਮੈਂਬਰ ਟੈਂਕਰ ਦੀ ਲਪੇਟ 'ਚ ਨਹੀਂ ਆਇਆ ਨਹੀਂ ਤਾਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ। ਘਟਨਾ ਵਿਚ ਟੈਂਕਰ ਚਾਲਕ ਦਾ ਵੀ ਗੰਭੀਰ ਸੱਟਾਂ ਤੋਂ ਬਚਾਅ ਹੋ ਗਿਆ। ਉੱਧਰ, ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਆਖਿਆ ਕਿ ਮਾਮਲਾ ਪੁਲਸ ਦੇ ਧਿਆਨ ਵਿਚ, ਸ਼ਿਕਾਇਤ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।