ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

06/07/2019 3:28:43 PM

ਤਲਵੰਡੀ ਸਾਬੋ (ਮੁਨੀਸ਼) : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਸ਼ਹੀਦੀ ਦਿਹਾੜੇ ਸਬੰਧੀ ਇਤਿਹਾਸਕ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚਲਦੇ ਆ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ।

ਇਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਹਿਬਾਨ ਵੱਲੋਂ ਕੀਤੀ ਗਈਆਂ ਕੁਰਬਾਨੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਮੁੱਚੇ ਵਿਸ਼ਵ 'ਚ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਹੈ, ਜਿਸ ਕਰ ਕੇ ਅਸੀਂ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਗੁਰੂ ਨਾਲ ਜੁੜੀਏ ਅਤੇ ਬੁਰਾਈਆਂ ਨੂੰ ਤੋਂ ਦੂਰ ਰਹੀਏ। ਇਸ ਮੌਕੇ ਸੰਗਤਾਂ ਅਤੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਠੰਡੇ-ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ।

ਇਸ ਸਮੇਂ ਗੁਰਤੇਜ ਸਿੰਘ ਢੱਡੇ ਅਤੇ ਜਗਸੀਰ ਸਿੰਘ ਮਾਗੇਆਣਾ ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ, ਭਾਈ ਕਰਨ ਸਿੰਘ ਮੈਨੇਜਰ ਤਖ਼ਤ ਸਾਹਿਬ, ਭਾਈ ਜਗਤਾਰ ਸਿੰਘ ਕਥਾਵਾਚਕ, ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ, ਗੁਰਤੇਜ ਸਿੰਘ ਤੇਜਾ ਮਲਕਾਣਾ, ਐਡਵੋਕੇਟ ਜਸਵੀਰ ਜੱਸਲ, ਗੁਰਸੇਵਕ ਸਿੰਘ ਕਿੰਗਰਾ, ਕੁਲਵਿੰਦਰ ਬੰਗੀ ਮੌਜੂਦ ਸਨ। ਓਧਰ ਦੂਜੇ ਪਾਸੇ ਤਲਵੰਡੀ ਸਾਬੋ ਨਗਰ ਅੰਦਰ ਅਤੇ ਆਸ-ਪਾਸ ਦੇ ਪਿੰਡਾਂ 'ਚ ਵੀ ਸ਼ਹੀਦੀ ਸਮਾਗਮ ਨੂੰ ਲੈ ਕੇ ਸੰਗਤਾਂ ਵੱਲੋਂ ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਗਈਆਂ।

 


cherry

Content Editor

Related News