ਸਵਾਈਨ ਫਲੂ ਨਾਲ ਸ੍ਰੀ ਮੁਕਸਤਰ ਸਾਹਿਬ ''ਚ ਹੁਣ ਤੱਕ 3 ਦੀ ਮੌਤ
Sunday, Jan 27, 2019 - 02:17 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)— ਸ੍ਰੀ ਮੁਕਤਸਰ ਸਾਹਿਬ 'ਚ ਫੈਲੇ ਵਾਇਰਸ ਸਵਾਈਨ ਫਲੂ ਦੇ ਕਾਰਨ ਹੁਣ ਤੱਕ ਇਕ 4 ਸਾਲਾ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਵਿਅਕਤੀ ਸਬ ਡਿਵੀਜ਼ਨ ਮਲੋਟ ਨਾਲ ਸਬੰਧਤ ਹਨ ਜਦਕਿ ਤਿੰਨ ਹੋਰ ਵਿਅਕਤੀ ਇਸ ਵਾਇਰਸ ਦੀ ਲਪੇਟ 'ਚ ਆਏ ਹੋਏ ਹਨ।
ਸਬ ਡਿਵੀਜ਼ਨ ਮਲੋਟ ਦੇ ਪਿੰਡ ਰਾਣੀ ਵਾਲਾ ਵਿਖੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਣ ਕਰਕੇ ਆਮ ਲੋਕਾਂ 'ਚ ਸਹਿਮ ਦਾ ਮਹੌਲ ਹੈ। ਇਸ ਪਿੰਡ 'ਚ ਹੁਣ ਤੱਕ ਸਵਾਈਨ ਫਲੂ ਦੇ 3 ਕੇਸ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ 'ਚੋਂ ਇਕ 45 ਸਾਲਾ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਦਕਿ ਇਕ ਹੋਰ ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ। ਭਾਂਵੇਂ ਕਿ ਸਿਹਤ ਵਿਭਾਗ ਸਵਾਈਨ ਫਲੂ ਹੋਣ ਦੀ ਪੁਸ਼ਟੀ ਨਹੀਂ ਕਰ ਰਿਹਾ ਪਰ ਪਿੰਡ ਪੁੱਜੇ ਸਿਹਤ ਵਿਭਾਗ ਦੇ ਕਰਮਚਾਰੀ ਪਿੰਡ ਵਾਸੀਆਂ ਨੂੰ ਸਵਾਈਨ ਫਲੂ ਤੋਂ ਜਾਗਰੂਕ ਕਰਦੇ ਨਜ਼ਰ ਆਏ। ਇਸ ਦੇ ਬਾਵਜੂਦ ਪਿੰਡ ਵਾਸੀਆਂ ਦਾ ਕਹਿਣਾ ਹੈ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਉਣ ਕਰਕੇ ਲੋਕਾਂ ਅੰਦਰ ਡਰ ਬਣਿਆਂ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਹਤ ਮਹਿਕਮੇ ਦੇ ਕਰਮਚਾਰੀ ਪਿੰਡ ਪੁੱਜੇ ਪਰ ਪ੍ਰਭਾਵਿਤ ਲਕਾਂ ਦੀ ਜਾਂਚ ਕਰਕੇ ਦਵਾਈ ਦੇਣ ਦੀ ਥਾਂ ਗੱਲਾਂ ਦਾ ਗਿਆਨ ਦੇ ਕੇ ਚਲਦੇ ਬਣੇ।
ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਪੁੱਜੀ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਗੁਰਵਿੰਦਰ ਸਿੰਘ, ਅਵਿਨਾਸ਼ ਅਤੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਦਾ ਮਰੀਜ਼ ਇਸ ਰੋਗ ਦੀ ਲਪੇਟ 'ਚ ਆਇਆ ਹੈ ਅਤੇ ਉਨ੍ਹਾਂ ਨੂੰ ਉਹ ਦਵਾਈ ਦੇ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀਂ ਗੁਲਜ਼ਾਰ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਹਰਜੀਤ ਸਿੰਘ ਨਾਅ ਦਾ ਮਰੀਜ਼ ਫਰੀਦਕੋਟ ਤੋਂ ਇਲਾਜ ਕਰਵਾ ਕੇ ਆਇਆ ਹੈ। ਜਦਕਿ ਜਸਵੀਰ ਸਿੰਘ, ਗੁਰਬਚਨ ਸਿੰਘ ਅਤੇ ਦਵਿੰਦਰ ਸਿੰਘ 'ਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਹਨ, ਜਿਨ੍ਹਾਂ 'ਚੋਂ ਜਸਵੀਰ ਸਿੰਘ ਨੂੰ ਇਲਾਜ ਲਈ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
