ਸੁਖਬੀਰ ਬਾਦਲ ਨੇ ਕੀਤਾ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ, ਪੰਜਾਬ ਸਰਕਾਰ ਨੂੰ ਕੀਤੀ ਅਪੀਲ

07/31/2022 4:26:25 PM

ਲੰਬੀ (ਕੁਲਦੀਪ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਅਤੇ ਲੰਬੀ ਹਲਕੇ ਦੇ ਵੱਖ-ਵੱਖ ਮੀਂਹ ਦੇ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਪਿੰਡ ਮੀਂਹ ਨਾਲ ਪ੍ਰਭਾਵਤ ਹੋਏ ਹਨ, ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ ਹਨ, ਉੱਥੇ ਹੀ ਘਰਾਂ ਨੂੰ ਵੀ ਮਾਰ ਪਈ। ਕਈ ਗ਼ਰੀਬਾਂ ਦੇ ਘਰ ਇਸ ਮੀਂਹ ਕਾਰਨ ਡਿੱਗਣ ਕਿਨਾਰੇ ਆ ਗਏ ਹਨ । ਸੁਖਬੀਰ ਬਾਦਲ ਨੇ ਮਾਨ ਸਰਕਾਰ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ ਸਰਕਾਰ ਦਾ ਇਸ ਪਾਸੇ ਵੱਲ ਧਿਆਨ ਨਹੀਂ, ਮੁੱਖ ਮੰਤਰੀ ਸਿਰਫ਼ ਇੱਕ ਦਿਨ ਦੌਰਾ ਕੇ ਖਾਨਾਪੂਰਤੀ ਕਰਕੇ ਗਏ ਹਨ, ਜਦਕਿ ਉਸ ਉਪਰੰਤ ਵੀ ਜੋ ਲੋੜੀਂਦੀਆਂ ਫੌਰੀ ਤੌਰ 'ਤੇ ਰਾਹਤ ਦੇਣ ਵਾਲੀਆਂ ਕਾਰਵਾਈਆਂ ਹਨ, ਪ੍ਰਸ਼ਾਸਨ ਵੱਲੋਂ ਨਹੀਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ- ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਬੋਲੇ ਮੁੱਖ ਮੰਤਰੀ, ‘ਆਪ' ਦੀ ਸਰਕਾਰ ਤੁਹਾਡੇ ਦਰਬਾਰ’ ਸ਼ੁਰੂ ਕਰਾਂਗੇ ਪ੍ਰੋਗਰਾਮ

ਸੁਖਬੀਰ ਬਾਦਲ ਨੇ ਸਿੱਧੇ ਤੌਰ 'ਤੇ ਕਿਹਾ ਕਿ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਜਦ ਅਜਿਹੇ ਹਾਲਾਤ ਬਣੇ ਤਾਂ ਫੌਰੀ ਤੌਰ 'ਤੇ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ ਪਰ ਹੁਣ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਨਹੀਂ ਜੁੜੀ ਹੋਈ। ਬਾਦਲ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਨਾਤੇ ਜੋ ਉਨ੍ਹਾਂ ਕੋਲੋ ਸੰਭਵ ਮਦਦ ਹੋਵੇਗੀ ਉਹ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦੀ ਹੀ ਪੀੜਤ ਕਿਸਾਨਾਂ ਅਤੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾ ਮੀਂਹ ਕਾਰਨ ਪ੍ਰਭਾਵਿਤ ਹੋਈਆਂ ਹਨ ਉਨ੍ਹਾਂ ਨੂੰ ਪ੍ਰਤੀ ਕਿਲਾ 25-30 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Simran Bhutto

Content Editor

Related News