ਸੁਖਬੀਰ ਬਾਦਲ ਨੇ ਕੇਜਰੀਵਾਲ ’ਤੇ ਸਾਧੇ ਨਿਸ਼ਾਨੇ, ਪੰਜਾਬੀਆਂ ਲਈ ਕੀਤੇ ਖ਼ਾਸ ਐਲਾਨ
Sunday, Feb 13, 2022 - 02:30 PM (IST)
ਬੁਢਲਾਡਾ (ਬਾਂਸਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਬੁਢਲਾਢਾ ਦੇ ਉਮੀਦਵਾਰ ਡਾ. ਨਿਸ਼ਾਨ ਸਿੰਘ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਹਲਕਾ ਨਿਵਾਸੀਆਂ ਨੂੰ ਸ਼੍ਰੋਮਣੀ ਅਕਾਲੀ-ਬਸਪਾ ਗਠਜੋੜ ਨੂੰ ਪੰਜਾਬ ’ਚ ਲਿਆਉਣ ਦੀ ਅਪੀਲ ਕੀਤੀ। ਇਸ ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕੇਜਰੀਵਾਲ ’ਤੇ ਤਿੱਖੇ ਹਮਲੇ ਵੀ ਕੀਤੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ’ਚ 4 ਪਾਰਟੀਆਂ ਸਰਗਰਮ ਚੱਲ ਰਹੀਆਂ ਹਨ। ਜਿਨ੍ਹਾਂ ’ਚੋਂ 3 ਪਾਰਟੀਆਂ ਤਾਂ ਦਿੱਲੀ ਦੇ ਇਸ਼ਾਰਿਆਂ ’ਤੇ ਚੱਲ ਰਹੀਆਂ ਹਨ ਅਤੇ ਚੌਥੀ ਪਾਰਟੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਹੈ ਸਿਰਫ਼ ਉਹ ਹੀ ਪੰਜਾਬ ਤੇ ਪੰਜਾਬੀਆਂ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਅਕਾਲੀ -ਬਸਪਾ ਗਠਜੋੜ ਸਰਕਾਰ ਮੁੜ ਸ਼ੁਰੂ ਕਰੇਗੀ ਸਮਾਜ ਭਲਾਈ ਸਕੀਮਾਂ : ਹਰਸਿਮਰਤ
ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਇਹ ਉਹੀਂ ਆਦਮੀ ਹੈ ਜਿਸ ਨੇ 3 ਸਾਲ ਪਹਿਲਾਂ ਸੁਪਰੀਮ ਕੋਰਟ ਨੂੰ ਦਰਖਾਸਤ ਕੀਤੀ ਸੀ ਕਿ ਪੰਜਾਬ ’ਚੋਂ ਨਹਿਰ ਕੱਢ ਕੇ ਦਿੱਲੀ ਤੱਕ ਪਹੁੰਚਾਈ ਜਾਵੇ ਤਾਂ ਜੋ ਪੰਜਾਬ ਦਾ ਪਾਣੀ ਦਿੱਲੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਦੀ ਪਾਰਟੀ ਪੰਜਾਬ ਆ ਜਾਂਦੀ ਹੈ ਤਾਂ ਪੰਜਾਬ ’ਚ ਪਾਣੀ ਖ਼ਤਮ ਹੋ ਜਾਵੇਗਾ ਅਤੇ ਜਿਹੜਾ ਥੋੜ੍ਹਾ ਬਹੁਤਾ ਪਾਣੀ ਸਾਡੀਆਂ ਕੱਸੀਆਂ ’ਚ ਬਚਿਆ ਹੈ ਉਹ ਵੀ ਖਾਲੀ ਹੋ ਜਾਵੇਗਾ। ਬਾਦਲ ਨੇ ਕਿਹਾ ਕਿ 1 ਸਾਲ ਪਹਿਲਾਂ ਵੀ ਕੇਜਰੀਵਾਲ ਨੇ ਸੁਪਰੀਮ ਕੋਰਟ ਨੂੰ ਦਰਖਾਸਤ ਕੀਤੀ ਸੀ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕੀਤੇ ਜਾਣ ਕਿਉਂਕਿ ਪੰਜਾਬ ਦਾ ਧੂੰਆਂ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਉਹ ਪੰਜਾਬ ’ਚ ਥਰਮਲ ਪਲਾਂਟ ਬੰਦ ਕਰਵਾ ਕੇ ਪੰਜਾਬ ਦੀ ਬਿਜਲੀ ਬੰਦ ਕਰਨਾ ਚਾਹੁੰਦਾ ਹੈ। ਕੇਜਰੀਵਾਲ ਨੇ ਕੋਰਟ ਨੂੰ ਪੰਜਾਬ ਦੇ ਕਿਸਾਨਾਂ ਜੋ ਪਰਾਲੀ ਸਾੜਦੇ ਹਨ ਉਨ੍ਹਾਂ ’ਤੇ ਵੀ ਕੇਸ ਦਰਜ ਕਰਨ ਲਈ ਦਰਖਾਸਤ ਕੀਤੀ ਸੀ। ਬਾਦਲ ਨੇ ਕਿਹਾ ਕਿ ਜੇਕਰ ਉਸਦੀ ਸਰਕਾਰ ਪੰਜਾਬ ’ਚ ਆ ਗਈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖ ਦੇਵੇਗਾ।
ਇਹ ਵੀ ਪੜ੍ਹੋ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਚ ਕੇਂਦਰ ਕਾਨੂੰਨ ਨੂੰ ਸਖਤ ਬਣਾਏ : ਸੁਖਜਿੰਦਰ ਰੰਧਾਵਾ
ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਜਿਹੜੇ ਵੀ ਉਮੀਦਵਾਰ ਖੜ੍ਹੇ ਕੀਤੇ ਹਨ ਉਨ੍ਹਾਂ ’ਚੋਂ ਕੁਝ ਗੈਂਗਸਟਰ ਹਨ ਜੋ ਜੇਲ੍ਹਾਂ ਕੱਟ ਕੇ ਆਏ ਹਨ ਅਤੇ ਕਈ ਉਮੀਦਵਾਰਾਂ ਦੇ ਜ਼ਬਰ ਜਿਨਾਹ ਦੇ ਕੇਸ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਭ੍ਰਿਸ਼ਟ ਦਲ ਬਦਲੂ ਉਮੀਦਵਾਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਾਰਟੀ ’ਚੋਂ ਕੱਢੇ ਸਨ ਉਹ ਸਭ ਕੇਜਰੀਵਾਲ ਦੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸੁਖਬੀਰ ਨੇ ਹਲਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 6 ਦਿਨ ਰਹਿ ਗਏ ਹਨ ਭ੍ਰਿਸ਼ਟਾਚਾਰ ਸਰਕਾਰ ਜਾਣ ਨੂੰ ਅਤੇ ਵਧੀਆ ਸਰਕਾਰ ਆਉਣ ਨੂੰ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਸਰਕਾਰ ਤੋਂ ਅੱਕੇ ਚੁੱਕੇ ਹਨ ਕਿਉਂਕਿ ਉਨ੍ਹਾਂ ਪੰਜਾਬੀਆਂ ਨੂੰ ਸਿਰਫ਼ ਲਾਅਰੇ ਹੀ ਲਗਾਏ ਹਨ। ਵੱਡੇ ਬਾਦਲ ਸਾਹਿਬ ਦੀ ਸਰਕਾਰ ਸਮੇਂ ਜੋ ਸਹੂਲਤਾਂ ਲਾਗੂ ਸਨ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ ’ਚ ਸਭ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਕਿ ਜੇਕਰ ਅਕਾਲੀ ਸਰਕਾਰ ਮੁੜ ਸੱਤਾ ’ਚ ਆਉਂਦੀ ਹੈ ਤਾਂ ਉਹ ਸਭ ਸਹੂਲਤਾਂ ਮੁੜ ਤੋਂ ਬਹਾਲ ਕੀਤੀਆਂ ਜਾਣਗੀਆਂ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?