ਸੁਖਬੀਰ ਬਾਦਲ ਵੱਲੋਂ BKU ਦੇ ਨੁਮਾਇੰਦਿਆਂ ਨਾਲ ਮੁਲਾਕਾਤ, ਕਿਹਾ-ਅਕਾਲੀ ਦਲ ਹੀ ਕਾਲੇ ਕਾਨੂੰਨਾਂ ਖ਼ਿਲਾਫ ਸੰਸਦ ’ਚ ਡਟਿਆ
Thursday, Aug 19, 2021 - 05:34 PM (IST)
ਗੁਰੂਹਰਸਹਾਏ (ਬਿਊਰੋ )-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੰਸਦ ’ਚ ਤਿੰਨ ਕਾਲੇ ਕਾਨੂੰਨਾਂ ਖਿਲਾਫ ਵੋਟਾਂ ਪਾਉਣ ਲਈ ਡਟਿਆ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਨ੍ਹਾਂ ਬਿੱਲਾਂ ਖਿਲਾਫ ਵੋਟ ਪਾਉਣ ਤੋਂ ਗੈਰ- ਹਾਜ਼ਰ ਰਹੀਆਂ। ਅਕਾਲੀ ਦਲ ਦੇ ਪ੍ਰਧਾਨ ਨੇ ਆਪਣੀ ਗੱਡੀ ਰੋਕ ਕੇ ਬੀ. ਕੇ. ਯੂ. ਡਕੌਂਦਾ ਦੇ ਨੁਮਾਇੰਦਿਆਂ ਕੋਲ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਸੰਸਦ ਵਿਚ ਤਿੰਨ ਖੇਤੀ ਕਾਨੂੰਨ ਪਾਸ ਕਰਨ ਦਾ ਵਿਰੋਧ ਕੀਤਾ ਤੇ ਇਸ ਨੇ ਹੁਣ ਵੀ ਸੰਸਦ ਦੇ ਹਾਲ ਹੀ ’ਚ ਖਤਮ ਹੋਏ ਸੈਸ਼ਨ ’ਚ ਕਿਸਾਨਾਂ ਦੀ ਆਵਾਜ਼ ਲਗਾਤਾਰ ਚੁੱਕੀ ਹੈ। ਬਾਦਲ ਨੇ ਬੀ. ਕੇ. ਯੂ. ਦੇ ਨੁਮਾਇੰਦਿਆਂ ਦੇ ਸਵਾਲ ਠਰ੍ਹੰਮੇ ਨਾਲ ਸੁਣੇ ਤੇ ਹਰ ਸਵਾਲ ਦਾ ਜਵਾਬ ਦੇ ਕੇ ਉਨ੍ਹਾਂ ਦੇ ਤੌਖਲੇ ਦੂਰ ਕੀਤੇ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਾਦਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀਆਂ ਦੀ ਉਸ 7 ਮੈਂਬਰੀ ਕਮੇਟੀ ਦੇ ਮੈਂਬਰ ਸਨ, ਜਿਸ ਨੇ ਇਹ ਖੇਤੀ ਆਰਡੀਨੈਂਸ ਤਿਆਰ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐੱਨ. ਡੀ. ਏ. ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਮੁਤਾਬਕ ਹੀ ਏ. ਪੀ. ਐੱਮ. ਸੀ. ਐਕਟ ’ਚ ਸੋਧ ਕੀਤੀ। ਉਨ੍ਹਾਂ ਬੀ. ਕੇ. ਯੂ. ਦੇ ਨੁਮਾਇੰਦਿਆਂ ਨੁੰ ਦੱਸਿਆ ਕਿ ਜਦੋਂ ਇਹ ਆਰਡੀਨੈਂਸ ਸੰਸਦ ’ਚ ਪੇਸ਼ ਕੀਤੇ ਗਏ ਤਾਂ ਉਸ ਵੇਲੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ।
ਉਨ੍ਹਾਂ ਦੱਸਿਆ ਕਿ ਸਾਨੂੰ ਇਹ ਭਰੋਸਾ ਦੁਆਇਆ ਗਿਆ ਸੀ ਕਿ ਕਿਸਾਨਾਂ ਦੇ ਇਤਰਾਜ਼ ਦੂਰ ਕੀਤੇ ਜਾਣਗੇ ਤੇ ਅਸੀਂ ਇਸੇ ਲਈ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀ ਰਾਇ ਲਈ।