ਪਟਾਕੇ ਚਲਾਉਣ ਤੋਂ ਖਿਝਿਆ ਪੁਲਸ ਕਰਮਚਾਰੀ, ਨੌਜਵਾਨ ਨਾਲ ਕੀਤੀ ਕੁੱਟ-ਮਾਰ

Monday, Oct 08, 2018 - 06:50 AM (IST)

ਪਟਾਕੇ ਚਲਾਉਣ ਤੋਂ ਖਿਝਿਆ ਪੁਲਸ ਕਰਮਚਾਰੀ, ਨੌਜਵਾਨ ਨਾਲ ਕੀਤੀ ਕੁੱਟ-ਮਾਰ

ਸਾਹਨੇਵਾਲ/ਲੁਧਿਆਣਾ, (ਜ. ਬ., ਤਰੁਣ)- ਬੀਤੇ ਦਿਨੀਂ ਭਾਰਤ-ਪਾਕਿ ਮੈਚ ’ਚ ਜਿੱਤ ਦੀ ਖੁਸ਼ੀ ’ਚ ਪਟਾਕੇ ਚਲਾਉਣ ਵਾਲੇ ਕੁਝ ਬੱਚਿਆਂ ਨੂੰ ਇਹ ਖੁਸ਼ੀ ਉਸ ਸਮੇਂ ਭਾਰੀ ਪੈ ਗਈ, ਜਦ ਗੁਆਂਢ ’ਚ ਹੀ ਰਹਿਣ ਵਾਲੇ ਕੁਝ ਲੋਕਾਂ ਨੇ ਬੱਚਿਆਂ ਨਾਲ ਕੁੱਟ-ਮਾਰ ਕੀਤੀ। 
ਇਹ ਘਟਨਾ ਪਿੰਡ ਭੈਣੀ ਸਾਹਿਬ ’ਚ ਹੋਈ। ਘਟਨਾ ਦੀ ਜਾਣਕਾਰੀ ਦਿੰਦਿਅਾਂ ਪੀਡ਼ਤ  ਧਿਰ ਦੀ ਹਰਵਿੰਦਰ ਕੌਰ ਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਭਾਰਤ-ਪਾਕਿ ਮੈਚ ’ਚ ਭਾਰਤ ਦੀ ਜਿੱਤ ਦੇ ਬਾਅਦ ਬੱਚਿਆਂ ’ਚ ਖੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਉਨ੍ਹਾਂ ਨੇ ਪਟਾਕੇ ਚਲਾਏ, ਜਿਸ ਕਾਰਨ ਗੁੱਸੇ ਵਿਚ ਆ ਕੇ ਭੈਣੀ ਸਾਹਿਬ ’ਚ ਡਿਊਟੀ ਦੇ ਰਿਹਾ ਪੁਲਸ ਕਰਮਚਾਰੀ ਬਾਹਰ ਆ ਗਿਆ ਅਤੇ ਖੁਸ਼ੀ ਮਨਾ ਰਹੇ ਬੱਚਿਆਂ ’ਤੇ ਅੱਗ ਬਬੂਲਾ ਹੋ ਗਿਆ ਅਤੇ ਬੱਚਿਆਂ ਨੂੰ ਧਮਕੀਆਂ ਦੇਣ ਸਮੇਤ ਕੁੱਟ-ਮਾਰ ਕਰਨ ਲਈ ਦੌਡ਼ਿਆ ਪਰ ਬੱਚੇ ਡਰ ਦੇ ਮਾਰੇ ਉਥੋਂ ਭੱਜ ਗਏ। ਸੁਖਦੇਵ ਸਿੰਘ ਅਤੇ ਹਰਵਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਬੁਰਾ-ਭਲਾ ਕਹਿਣ ਦੇ ਬਾਵਜੂਦ ਵੀ ਉਕਤ ਪੁਲਸ ਕਰਮਚਾਰੀ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਉਹ ਬੱਚਿਆਂ ਦੇ ਪ੍ਰਤੀ ਮਨ ’ਚ ਰੰਜਿਸ਼ ਰੱਖਣ ਲੱਗਾ ਅਤੇ ਮੇਰੇ ਬੇਟੇ ਨੂੰ ਬਿਨਾਂ ਵਜ੍ਹਾ ਕੁੱਟ-ਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ। 
 ਜ਼ਖ਼ਮੀ ਨੌਜਵਾਨ ਸੰਤ ਸਿੰਘ ਨੇ ਦੱਸਿਆ ਕੱਲ ਸ਼ਨੀਵਾਰ ਦੇਰ ਸ਼ਾਮ ਜਦ ਉਹ ਜਿਮ ਜਾਣ  ਲਈ ਘਰੋਂ ਨਿਕਲਿਆ ਤਾਂ ਉਕਤ ਪੁਲਸ ਕਰਮਚਾਰੀ ਕਰਮ ਸਿੰਘ ਨੇ ਉਸ ਨੂੰ ਰਸਤੇ ’ਚ ਰੋਕ ਕੇ ਬੁਰਾ-ਭਲਾ ਕਿਹਾ ਅਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਨੌਜਵਾਨ ਦੇ ਪਿਤਾ ਨੇ ਦੱਸਿਅਾ ਕਿ ਉਨ੍ਹਾਂ ਨੇ ਆਪਣੇ ਜ਼ਖ਼ਮੀ ਬੇਟੇ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਜਦ ਇਸ ਸਬੰਧੀ ਚੌਕੀ ਕਟਾਣੀ ਕਲਾਂ ’ਚ ਆਪਣੀ ਸ਼ਿਕਾਇਤ ਦਿੱਤੀ ਤਾਂ ਬਜਾਏ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਨ ਦੇ ਉਲਟਾ ਪੁਲਸ ਨੇ ਆਪਣੇ ਸਾਥੀ ਪੁਲਸ ਕਰਮਚਾਰੀ ਦੀ ਮਦਦ ਕਰਨ ਲਈ ਸ਼ਿਕਾਇਤਕਰਤਾ ’ਤੇ ਹੀ ਪਰਚਾ ਦਰਜ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੁਲਸ ਨੇ ਬਿਨਾਂ ਜਾਂਚ ਕੀਤੇ ਇਕ  ਪਾਸੜ ਕੇਸ ਦਰਜ ਕਰ ਦਿੱਤਾ।
 ਇਸ ਦੌਰਾਨ ਜਦ ਉਕਤ ਪੁਲਸ ਕਰਮਚਾਰੀ ਕਰਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮੈਂ ਪਟਾਕੇ ਚਲਾ ਰਹੇ ਕੁਝ ਬੱਚਿਆਂ ਨੂੰ ਰੋਕਿਆ ਤਾਂ ਉਕਤ ਦੋਸ਼ੀਆਂ ਨੇ ਮੇਰੇ ਨਾਲ ਕੁੱਟ-ਮਾਰ ਕੀਤੀ, ਜਿਸ ਦੀ ਸ਼ਿਕਾਇਤ ਮੈਂ ਸਬੰਧਤ ਥਾਣੇ ਵਿਚ ਦਿੱਤੀ ਤੇ ਪੁਲਸ ਨੇ ਉਕਤ ਮਾਮਲਾ ਦਰਜ ਕੀਤਾ ਹੈ। ਜਦ ਕਟਾਣੀ ਚੌਕੀ ਇੰਚਾਰਜ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਉਕਤ ਸ਼ਿਕਾਇਤਕਰਤਾ ਕਰਮ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਇਆ ਹੈ। ਜਦਕਿ ਜ਼ਖ਼ਮੀ ਨੌਜਵਾਨ ਦੀ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 


Related News