ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Tuesday, Nov 04, 2025 - 05:22 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਦਰਬਾਰ ਸਾਹਿਬ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 7 ਤੋਂ ਸਵੇਰੇ 9. 30 ਵਜੇ ਆਰੰਭ ਹੋਇਆ ਅਤੇ ਜਗਮੀਤ ਬਰਾੜ ਵਾਲੀ ਗਲੀ, ਸ਼ੇਰ ਸਿੰਘ ਚੌਂਕ, ਬੈਂਕ ਰੋਡ, ਰੇਲਵੇ ਰੋਡ, ਕੋਟਕਪੂਰਾ ਚੌਂਕ, ਕੋਟਕਪੂਰਾ ਰੋਡ, ਗਲੀ ਨੰਬਰ 8, ਗੁਰੂ ਅੰਗਦ ਦੇਵ ਨਗਰ, ਥਾਂਦੇਵਾਲਾ ਰੋਡ ਤੋਂ ਖਾਲਸਾ ਸਕੂਲ ਰੋਡ, ਅਜੀਤ ਸਿਨੇਮਾ ਤੋਂ ਮੰਗੇ ਦਾ ਪੰਪ, ਅਕਾਲ ਅਕੈਡਮੀ ਤੋਂ ਗੇਟ ਨੰਬਰ 6 ਤੋਂ ਹੁੰਦਾ ਹੋਇਆ ਗੇਟ ਨੰਬਰ 7 ’ਤੇ ਆ ਕੇ ਸੰਪਨ ਹੋਇਆ। 

ਸ਼ਹਿਰ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ’ਚ ਹਾਜ਼ਰੀ ਲਵਾਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਸ਼ਹਿਰ ਦੀ ਸੰਗਤ ਵਲੋਂ ਜਗ੍ਹਾ ਜਗ੍ਹਾ ’ਤ਼ੇ ਲੰਗਰ ਲਗਾਏ ਗਏ ਸਨ ਤੇ ਸੰਗਤਾਂ ਨੇ ਪੰਜ ਪਿਆਰੇ ਸਹਿਬਾਨ ਉਪਰ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਤਸ਼ਾਹੀ ਦਸਵੀਂ ਦੀ ਗੱਤਕਾ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਰਾਗੀ ਜਥੇ ਵਲੋਂ ਮਨੋਹਰ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਅਕਾਲ ਅਕੈਡਮੀ ਦੇ ਬੱਚਿਆਂ ਵਲੋਂ ਵੀ ਸ਼ਬਦ ਕੀਰਤਨ ਕੀਤਾ ਗਿਆ ਤੇ ਬੱਚਿਆਂ ਨੇ ਗੱਤਕੇ ਦੇ ਜੌਹਰ ਵਿਖਾਏ। ਇਸ ਮੌਕੇ ਫੌਜੀ ਬੈਂਡ ਨੇ ਸੰਗੀਤਕ ਧੁਨਾਂ ਬਿਖੇਰੀਆਂ। ਬੀਬੀਆਂ ਵਲੋਂ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਮੈਨੇਜਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ 3 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਜਿਨਾਂ ਦੇ ਭੋਗ 5 ਨਵੰਬਰ ਨੂੰ ਅੱਜ ਸਵੇਰੇ 9. 30 ਵਜੇ ਪਾਏ ਜਾਣਗੇ। 

ਇਸ ਮੌਕੇ ਜਥੇਦਾਰ ਸਰੂਪ ਸਿੰਘ ਨੰਦਗੜ੍ਹ, ਮੈਨੇਜਰ ਨਿਰਮਲਜੀਤ ਸਿੰਘ, ਮੀਤ ਮੈਨੇਜਰ ਸੁਖਦੇਵ ਸਿੰਘ, ਹੈਡ ਗ੍ਰੰਥੀ ਗਿਆਨੀ ਜਗਬੀਰ ਸਿੰਘ, ਅਕਾਉਟੈਂਟ ਕੁਲਵੰਤ ਸਿੰਘ, ਰਿਕਾਰਡ ਕੀਪਰ ਪਰਮਜੀਤ ਸਿੰਘ, ਭਾਈ ਬਗੀਚਾ ਸਿੰਘ, ਸਾਬਕਾ ਮੈਨੇਜਰ ਬਲਦੇਵ ਸਿੰਘ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਹੋਰ ਮੁਲਾ਼ਜ਼ਮ, ਸੇਵਾਦਾਰ ਤੇ ਇਲਾਕੇ ਦੀ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ। 


author

Gurminder Singh

Content Editor

Related News