ਪੰਚਾਇਤੀ ਜ਼ਮੀਨ ਇੰਡਸਟਰੀਅਲ ਪਾਰਕ ਲਈ ਦੇਣ ਦੇ ਰੋਸ ਵਜੋਂ ਨਾਅਰੇਬਾਜ਼ੀ
Tuesday, Dec 04, 2018 - 12:18 AM (IST)
ਭਵਾਨੀਗਡ਼੍ਹ, (ਸੋਢੀ/ਜ.ਬ.,ਸੰਜੀਵ)- ਪੰਚਾਇਤੀ ਜ਼ਮੀਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇੰਡਸਟਰੀਅਲ ਪਾਰਕ ਨੂੰ ਨਾ ਦੇਣ ਦੇ ਵਾਅਦੇ ਮਗਰੋਂ ਵੀ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਮਿਲੀਭੁਗਤ ਨਾਲ ਪਿੰਡ ਘਰਾਚੋਂ ਵਿਚ ਪੰਚਾਇਤੀ ਜ਼ਮੀਨ ਦੇ ਸਰਵੇ ਚੋਰੀ-ਛੁਪੇ ਕਰਨ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡ ਵਿਚ ਰੈਲੀ ਕਰ ਕੇ ਕਾਂਗਰਸ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਗਿਆ। ®ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਮੁਕੇਸ਼ ਮਲੌਦ ਅਤੇ ਕਰਮਜੀਤ ਘਰਾਚੋਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਘਰਾਚੋਂ ਦੀ ਪੰਚਾਇਤੀ ਜ਼ਮੀਨ ਦਾ ਚੁੱਪ-ਚਪੀਤੇ ਸਰਵੇ ਕਰ ਕੇ ਜ਼ਮੀਨ ਇੰਡਸਟਰੀਅਲ ਪਾਰਕ ਨੂੰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਥੋਡ਼੍ਹਾ ਸਮਾਂ ਪਹਿਲਾਂ ਇਹੀ ਕੋਸ਼ਿਸ਼ਾਂ ਬਾਲਦ ਕਲਾਂ ਦੀ ਜ਼ਮੀਨ ਉੱਪਰ ਵੀ ਹੋ ਰਹੀਆਂ ਸਨ, ਜਿਸ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਰਕਰਾਂ ਨੇ ਸਰਵੇ ਕਰਨ ਆਈ ਟੀਮ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਘੇਰ ਕੇ ਜ਼ਮੀਨ ਇੰਡਸਟਰੀਅਲ ਪਾਰਕ ਨੂੰ ਦੇਣ ਦਾ ਵਿਰੋਧ ਕੀਤਾ ਸੀ, ਜਿਸ ’ਤੇ ਮੰਤਰੀ ਵਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਇਹ ਜ਼ਮੀਨਾਂ ਇੰਡਸਟਰੀ ਲਈ ਨਹੀਂ ਲਈਆਂ ਜਾਣਗੀਆਂ। ਇਕ ਵਾਰ ਫਿਰ ਕਾਂਗਰਸ ਸਰਕਾਰ ਵਲੋਂ ਆਪਣੀ ਗੱਲ ਤੋਂ ਪਲਟਦਿਆਂ ਚੋਰੀ-ਛਿਪੇ ਇਨ੍ਹਾਂ ਜ਼ਮੀਨਾਂ ਦਾ ਸਰਵੇ ਕਰ ਕੇ ਪਿੰਡ ਘਰਾਚੋਂ ਦੀ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਮਿਲਦੇ ਹੀ ਉਨ੍ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਕੱਠੇ ਹੋ ਕੇ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਿਸੇ ਵੀ ਕੀਮਤ ’ਤੇ ਨਾ ਖੋਹਣ ਦੇਣ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਖੂਨ ਡੋਲ੍ਹਵੇਂ ਸੰਘਰਸ਼ ਤੋਂ ਬਾਅਦ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਨੂੰ ਨਿੱਜੀ ਕੰਪਨੀਆਂ ਦੇ ਹੱਥ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਮੌਕੇ ਭਾਨ ਸਿੰਘ, ਜੀਵਨ ਸਿੰਘ, ਪਰਮਜੀਤ ਕੌਰ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਅੰਤ ’ਚ ਉਨ੍ਹਾਂ ਦੱਸਿਆ ਕਿ ਮਾਤਾ ਗੁਰਦੇਵ ਕੌਰ ਦੀ ਬਰਸੀ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਣਗੇ।
