ਸੀਵਰੇਜ ਸਮੱਸਿਆ ਨੂੰ ਲੈ ਕੇ ਫੁੱਟਿਆ ਵਾਰਡ ਵਾਸੀਅਾਂ ਦਾ ਗੁੱਸਾ
Thursday, Nov 01, 2018 - 01:05 AM (IST)
ਭਵਾਨੀਗਡ਼੍ਹ, (ਵਿਕਾਸ)- ਸ਼ਹਿਰ ਦੇ ਕਾਕਡ਼ਾ ਰੋਡ ਨੇਡ਼ੇ ਸਥਿਤ ਵਾਰਡ ਨੰਬਰ 1 ਤੇ 4 ’ਚ ਟੁੱਟੀ ਸੀਵਰੇਜ ਪਾਈਪ ਕਾਰਨ ਅਕਸਰ ਜਮ੍ਹਾ ਰਹਿੰਦੇ ਗੰਦੇ ਪਾਣੀ ਤੋਂ ਦੁਖੀ ਵਾਰਡ ਵਾਸੀਆਂ ਦਾ ਗੁੱਸਾ ਅੱਜ 7ਵੇਂ ਅਸਮਾਨ ’ਤੇ ਪਹੁੰਚ ਗਿਆ। ਗੁੱਸੇ ’ਚ ਆਏ ਵਾਰਡ ਵਾਸੀਆਂ ਨੇ ਸਰਕਾਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਰੋਸ ਜ਼ਾਹਰ ਕਰਦਿਆਂ ਉਕਤ ਵਾਰਡਾਂ ਦੇ ਲੋਕਾਂ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਅੌਰਤਾਂ ਵੀ ਸ਼ਾਮਲ ਸਨ, ਨੇ ਦੱਸਿਆ ਕਿ ਇਕ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਗਲੀ-ਮੁਹੱਲੇ ’ਚ ਵਿਕਾਸ ਕਾਰਜਾਂ ਦੇ ਤਹਿਤ ਸੀਵਰੇਜ ਪਾਈਪ ਲਾਈਨ ਪਾਈ ਗਈ ਸੀ। ਗਲੀ ’ਚੋਂ ਭਾਰੀ ਵਾਹਨ ਲੰਘਣ ਕਾਰਨ ਇਹ ਸੀਵਰੇਜ ਪਾਈਪ ਲਾਈਨ ਕੁੱਝ ਸਮੇਂ ਬਾਅਦ ਹੀ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਗਈ, ਜਿਸ ਕਾਰਨ ਸੀਵਰੇਜ ਸਿਸਟਮ ਠੱਪ ਹੋ ਕੇ ਰਹਿ ਗਿਆ ਤੇ ਸੀਵਰੇਜ ਦਾ ਗੰਦਾ ਪਾਣੀ ਹਰ ਵੇਲੇ ਮੁਹੱਲੇ ’ਚ ਲੋਕਾਂ ਦੇ ਘਰਾਂ ਅੱਗੇ ਖਡ਼੍ਹਾ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਖਡ਼੍ਹੇ ਪਾਣੀ ’ਤੇ ਵੱਡੀ ਗਿਣਤੀ ’ਚ ਮੱਖੀ, ਮੱਛਰ ਪਣਪ ਰਿਹਾ ਹੈ ਜੋ ਖਤਰਨਾਕ ਬੀਮਾਰੀਅਾਂ ਨੂੰ ਸੱਦਾ ਦੇ ਰਹੇ ਹਨ। ਸ਼ਹਿਰ ’ਚ ਪਹਿਲਾਂ ਹੀ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਨੇ ਲੋਕਾਂ ਨੂੰ ਘੇਰ ਰੱਖਿਆ ਹੈ। ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਸਮੱਸਿਆ ਦੇ ਹੱਲ ਨੂੰ ਲੈ ਕੇ ਉਹ ਕਈ ਵਾਰ ਵਾਰਡ ਦੇ ਕੌਂਸਲਰ ਸਮੇਤ ਨਗਰ ਕੌਂਸਲ ਦੇ ਐੱਸ.ਆਈ. ਤੇ ਹੋਰ ਮੁਲਾਜ਼ਮਾਂ ਨੂੰ ਮਿਲ ਚੁੱਕੇ ਹਨ ਪਰ ਅਧਿਕਾਰੀਆਂ ਦੇ ਸਿਰ ’ਤੇ ਜੂੰ ਨਹੀਂ ਸਰਕ ਰਹੀ। ਲੋਕਾਂ ਨੇ ਕਿਹਾ ਕਿ ਇਕ ਪਾਸੇ ਤਾਂ ਦੇਸ਼ ਭਰ ’ਚ ਜ਼ੋਰ-ਸ਼ੋਰ ਨਾਲ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ, ਦੂਜੇ ਪਾਸੇ ਸਰਕਾਰੀ ਤੰਤਰ ਹੀ ਇਸ ਅਭਿਆਨ ਨੂੰ ਠੁੱਸ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ।
ਇਸ ਮੌਕੇ ਹਾਜ਼ਰ ਲੋਕਾਂ ਨੇ ਪੰਜਾਬ ਸਰਕਾਰ ਤੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸਾਹਮਣੇ ਪੇਸ਼ ਆ ਰਹੀ ਸਮੱਸਿਆ ਦਾ ਹੱਲ ਜਲਦ ਨਹੀਂ ਕੀਤਾ ਗਿਆ ਤਾਂ ਲੋਕ ਗਲੀ ਦੇ ਮੁੱਖ ਰਸਤੇ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ। ਓਧਰ ਇਸ ਸਬੰਧੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸੀਵਰੇਜ ਦੀਆਂ ਟੁੱਟੀਆਂ ਪਾਈਪਾਂ ਨੂੰ ਠੀਕ ਕਰਨਾ ਸੀਵਰੇਜ ਬੋਰਡ ਦਾ ਕੰਮ ਹੈ।
ਕੌਣ-ਕੌਣ ਸਨ ਹਾਜ਼ਰ- ਇਸ ਮੌਕੇ ਮਾਲਵਿੰਦਰ ਸਿੰਘ, ਯਾਦਵਿੰਦਰ ਸਿੰਘ, ਨਟਵਰ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ, ਰਾਜਪਾਲ ਕੌਰ, ਹਰਜਿੰਦਰ ਕੌਰ, ਜਸਵੰਤ ਕੌਰ, ਪਰਵਿੰਦਰ ਕੌਰ, ਰਵਨੀਤ ਕੌਰ, ਗੁਰਦੇਵ ਕੌਰ, ਮਨਜੀਤ ਕੌਰ, ਸ਼ਿੰਦਰ ਕੌਰ, ਜਸਵੰਤ ਕੌਰ, ਹਰਪਾਲ ਕੌਰ, ਗੁਰਚਰਨ ਕੌਰ, ਗੁਰਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਅਮਨਦੀਪ ਕੌਰ ਆਦਿ।
“ਸੀਵਰੇਜ ਸਬੰਧੀ ਕਿਸੀ ਵੀ ਸਮੱਸਿਆ ਦਾ ਹੱਲ ਕਰਨਾ ਸੀਵਰੇਜ ਬੋਰਡ ਦਾ ਕੰਮ ਹੁੰਦਾ ਹੈ। ਫਿਰ ਵੀ ਜੇਕਰ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਤਾਂ ਉਹ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਸਮੱਸਿਆ ਦੂਰ ਕਰਵਾ ਦਿੰਦੇ ਹਨ।
- ਹੇਮੰਤ ਕੁਮਾਰ, ਜੇ. ਈ. ਨਗਰ ਕੌਂਸਲ ਭਵਾਨੀਗਡ਼੍ਹ।
