ਸ਼੍ਰੀ ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ''ਚ ਦੇਸ਼ ਭਰ ''ਚ ਦੀਵਾਲੀ ਵਰਗਾ ਮਾਹੌਲ : ਤੇਜਿੰਦਰ ਸਿੰਘ

08/05/2020 7:03:21 PM

ਚੰਡੀਗੜ੍ਹ/ਮੋਹਾਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੇ ਸੁਨਹਿਰੀ ਪਲ ਇਤਿਹਾਸਕ ਬਣ ਗਏ ਹਨ ।  ਇਨ੍ਹਾਂ ਸੁਨਹਿਰੀ ਪਲਾਂ ਦੀ ਉਡੀਕ ਲਈ ਰਾਮ ਭਗਤਾਂ ਨੇ ਲੰਬਾ ਸੰਘਰਸ਼ ਕੀਤਾ ਸੀ ਅਤੇ ਜਦੋਂ ਅੱਜ ਇਹ ਪਲ ਆ ਗਏ ਹਨ ਤਾਂ ਸਾਰਾ ਦੇਸ਼ ਇਸ ਖ਼ੁਸ਼ੀ ਵਿੱਚ ਦੀਪਮਾਲਾ ਕਰ ਰਿਹਾ ਹੈ, ਮੰਨੋਂ ਇੰਝ ਲੱਗ ਰਿਹਾ ਹੈ ਜਿਵੇਂ ਦੇਸ਼ ਵਿੱਚ ਦੀਵਾਲੀ ਮਨਾਈ ਜਾ ਰਹੀ ਹੋਵੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਚੰਡੀਗੜ੍ਹ ਦੇ ਸਟੇਟ ਸੈਕਟਰੀ ਤੇਜਿੰਦਰ ਸਿੰਘ ਸਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ।
ਜ਼ਿਕਰਯੋਗ ਹੈ ਕਿ ਸ੍ਰੀ ਰਾਮ ਮੰਦਰ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ 'ਚ ਜਿੱਥੇ ਪੂਰੇ ਦੇਸ਼ ਭਰ 'ਚ ਜਸ਼ਨ ਮਨਾਏ ਜਾ ਰਹੇ ਹਨ। ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਦਫ਼ਤਰ ਵਿਖੇ ਵੀ ਭਾਜਪਾ ਦੇ ਚੰਡੀਗੜ੍ਹ ਦੇ ਪ੍ਰਧਾਨ ਅਰੁਣ ਸੂਦ ਦੀ ਅਗਵਾਈ ਹੇਠ ਇਕ ਵਿਸ਼ਾਲ ਹਵਨ ਦਾ ਆਯੋਜਨ ਕੀਤਾ ਗਿਆ । ਜਿਸ 'ਚ ਸਰਬ ਧਰਮ ਦੇ ਲੋਕਾਂ ਨੇ ਬਹੁਤ ਖੁਸ਼ੀ ਦੇ ਨਾਲ ਹਿੱਸਾ ਲਿਆ । ਉਪਰੰਤ ਪੂਰੇ ਚੰਡੀਗੜ੍ਹ ਵਿੱਚ 25 ਕੁਇੰਟਲ ਸ਼ੁੱਧ ਦੇਸੀ ਘਿਓ ਦੇ ਲੱਡੂ ਵੰਡੇ ਗਏ । ਇਸ ਮੌਕੇ ਸਟੇਟ ਜਨਰਲ ਸੈਕਟਰੀ ਰਾਮਵੀਰ ਭੱਟੀ ਨੇ ਬੀਜੇਪੀ ਦੇ ਵਰਕਰਾਂ ਨੂੰ ਨਾਲ ਲੈ ਕੇ ਚੰਡੀਗੜ੍ਹ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਲੱਡੂ ਵੰਡਣ ਦੀ ਜ਼ਿੰਮੇਵਾਰੀ ਅਦਾ ਕੀਤੀ । ਚੰਡੀਗੜ੍ਹ ਦੇ ਦਫ਼ਤਰ ਵਿਖੇ ਹਵਨ ਕਰਵਾਏ ਜਾਣ ਦੀ ਖੁਸ਼ੀ ਸਬੰਧੀ ਆਪਣੇ ਹੋਰ ਵਿਚਾਰ ਦੱਸਦੇ ਹੋਏ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਟ-ਕੋਟ ਧੰਨਵਾਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਕਰ ਕਮਲਾ ਸਦਕਾ ਹੀ ਦੇਸ਼ ਨੂੰ ਅੱਜ ਦਾ ਇਹ ਇਤਿਹਾਸਕ ਦਿਨ ਪ੍ਰਾਪਤ ਹੋਇਆ ਹੈ । ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਾਸ ਦੀਆਂ ਲੀਹਾਂ 'ਤੇ ਅੱਗੇ  ਲਿਜਾਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ।
ਦੱਸਣਯੋਗ ਹੈ ਕਿ ਸਵੇਰੇ 9 ਵਜੇ ਸ਼ੁਰੂ ਹੋਏ ਇਸ ਹਵਨ 'ਚ ਜਨਰਲ ਸੈਕਟਰੀ ਚੰਦਰ ਸ਼ੇਖਰ, ਰਾਮਵੀਰ ਭੱਟੀ, ਸੈਕਟਰੀ ਅਮਿਤ ਰਾਣਾ , ਡਾਕਟਰ ਹੁਕਮ ਚੰਦ, ਅਨੂਪ ਗੁਪਤਾ, ਜਸਵਿੰਦਰ ਕੌਰ, ਅਨੂੰ ਮੱਕੜ ਕੈਸ਼ੀਅਰ ਰਾਜ ਕਿਸ਼ੋਰ, ਅਮਿਤ ਜਿੰਦਲ ਦਫ਼ਤਰ ਸਕੱਤਰ ਗਜਿੰਦਰ ਸ਼ਰਮਾ, ਦੇਵੀ ਸਿੰਘ, ਦੀਪਕ ਮਲਹੋਤਰਾ ਬੁਲਾਰੇ ਧਰਿੰਦਰ ਤਾਇਲ, ਕੈਲਾਸ਼ ਜੈਨ, ਨਰੇਸ਼ ਅਰੋੜਾ ਗੌਰਵ ਗੋਇਲ, ਸ਼ਿਪਰਾ ਬਾਂਸਲ ਅਤੇ ਕਿਸਾਨ ਮੋਰਚਾ ਦੇ ਪ੍ਰਧਾਨ ਸਰਦਾਰ ਦੀਦਾਰ ਸਿੰਘ ਹੱਲੋਮਾਜਰਾ ਬੈਠੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਵਰਕਰਾਂ ਨੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਪੂਰੇ ਉਤਸ਼ਾਹ ਦੇ ਨਾਲ ਇਸ ਵਿੱਚ ਹਿੱਸਾ ਲਿਆ ।


Deepak Kumar

Content Editor

Related News