ਦੁਕਾਨਦਾਰਾਂ ਨੇ ਨਗਰ ਕੌਂਸਲ ਦਾ ਕੀਤਾ ਘਿਰਾਓ

01/12/2019 5:01:20 AM

 ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ/ਮੂੰਗਾ)- ਬੰਗਾ ਨਗਰ ਕੌਂਸਲ ਵਲੋਂ ਪਿਛਲੇ ਲੰਬੇ ਸਮੇਂ ਤੋਂ 207 ਦੇ ਕਰੀਬ  ਦੁਕਾਨਾਂ ਬਣਾ ਕੇ ਵੱਖ-ਵੱਖ ਕਿਰਾਏਦਾਰਾਂ ਨੂੰ ਕਰਾਏ ’ਤੇ ਦਿੱਤੀਅਾਂ ਗਈਅਾਂ ਸਨ। ਜਿਨ੍ਹਾਂ ਦਾ ਕਿਰਾਇਆ ਸਰਕਾਰ ਦੀਅਾਂ ਹਦਾਇਤਾਂ ਅਨੁਸਾਰ ਹਰ ਤਿੰਨ ਸਾਲਾਂ ਬਾਅਦ 15 ਫੀਸਦੀ ਵਧਾਇਆ ਜਾਣਾ ਸੀ।ਜਿਸ ਬਾਰੇ ਦੁਕਾਨਦਾਰਾਂ ਨੇ ਇਸ ਸਬੰਧੀ ਨਗਰ ਕੌਂਸਲ ਨਾਲ ਇਕਰਾਰਨਾਮਾ ਵੀ ਕੀਤਾ ਹੋਇਆ ਹੈ। ਪਰ ਬਿਨਾਂ ਕਿਸੇ ਵਾਧੇ ਤੋਂ ਕਈ ਸਾਲਾਂ ਤੋਂ ਆਮ ਕਿਰਾਏ ਅਨੁਸਾਰ ਉਕਤ ਦੁਕਾਨਦਾਰ ਨਗਰ ਕੌਂਸਲ ਨੂੰ ਕਿਰਾਇਆ ਦਿੰਦੇ ਆ ਰਹੇ ਸਨ ਜਿਸ ਬਾਰੇ ਨਾ ਤਾਂ ਪਹਿਲਾਂ ਤੋਂ ਨਗਰ ਕੌਂਸਲਰਾਂ ਨੇ ਕੋਈ ਢੁਕਵਾਂ ਅੈਕਸ਼ਨ ਕੀਤਾ ਤੇ ਨਾ ਹੀ ਕਿਰਾਏ ਵਿਚ ਵਾਧੇ ਦੀ ਗੱਲ ਕੀਤੀ। ਪਰ ਬੀਤੇ ਦਿਨੀਂ ਸਥਾਨਕ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਵਲੋਂ ਉਕਤ ਬਣੀਅਾਂ ਸਮੂਹ ਦੁਕਾਨਾਂ ਦੇ ਕਾਬਜ਼ ਕਿਰਾਏਦਾਰਾਂ ਨੂੰ  ਹੋਏ ਇਕਰਾਰਨਾਮੇ ਮੁਤਾਬਿਕ ਮੰਨੀਅਾਂ ਸ਼ਰਤਾਂ ਦੀ ਉਲੰਘਣਾ ਕਰਨ ਤਹਿਤ ਸ਼ਰਤ ਨੰਬਰ 5 ਤਹਿਤ ਆਪ ਕੰਮ ਕਰਨ ਦੇ ਪਾਬੰਦ ਹੋਣ ਅਤੇ ਸ਼ਰਤ ਨੰਬਰ 6 ਤਹਿਤ ਦੁਕਾਨ ਨੂੰ ਖਾਲੀ ਕਰ ਕੇ ਨਗਰ ਕੌਂਸਲ ਨੂੰ  ਵਾਪਸ ਕਬਜ਼ਾ ਦੇਣ ਲਈ ਦਿੱਤੇ ਨੋਟਿਸ ’ਤੇ ਸਮੂਹ ਦੁਕਾਨਦਾਰਾਂ ਵਿਚ ਜਿਥੇ ਰੋਸ ਵੇਖਣ ਨੂੰ ਮਿਲਿਆ ਉਥੇ ਹੀ ਉਨ੍ਹਾਂ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਗੋਲੀ , ਜਨਰਲ ਸਕੱਤਰ ਅਨਿਲ ਚੁੱਘ, ਡਾ. ਬਲਬੀਰ ਸ਼ਰਮਾ ਤੇ ਮੈਂਬਰ ਮੁਨੀਸ਼ ਚੁੱਘ ਨੂੰ ਨਾਲ ਲੈਕੇ ਜਿਥੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦਾ ਇਸ ਗੱਲ ਪ੍ਰਤੀ ਵਿਰੋਧ  ਕੀਤਾ ਉਥੇ ਹੀ ਨਗਰ ਕੌਂਸਲ ਦਾ ਵੀ ਘਿਰਾਓ ਕਰ ਉਪਰੋਕਤ ਦਿੱਤੇ ਨੋਟਿਸਾਂ ਨੂੰ ਤੁਰੰਤ ਵਾਪਸ ਲੈ ਕੇ ਦੁਕਾਨਦਾਰਾਂ ਨਾਲ ਇਨਸਾਫ ਕਰਨ ਦੀ ਗੱਲ ਕਹੀ।
ਕੀ ਕਹਿਣੈ ਨਗਰ ਕੌਂਸਲ ਦੇ ਪ੍ਰਧਾਨ ਦਾ 
ਜਦੋਂ ਨਗਰ ਕੌਂਸਲ ਦੇ ਪ੍ਰਧਾਨ ਰਵੀ ਭੂਸ਼ਣ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਕੇਵਲ ਸਰਕਾਰ ਵਲੋਂ ਆਈਅਾਂ ਹਦਾਇਤਾਂ ਅਨੁਸਾਰ ਕਾਬਜ਼ ਦੁਕਾਨਦਾਰਾਂ ਕੋਲੋਂ ਉਨ੍ਹਾਂ ਦੀ ਹੁਣ ਤੱਕ ਰਹਿੰਦੀ ਬਕਾਇਆ ਰਾਸ਼ੀ ਨੂੰ ਨਗਰ ਕੌਂਸਲ ਵਿਚ ਜਮ੍ਹਾ ਕਰਾਉਣ ਬਾਰੇ ਸਮੂਹ ਕੌਂਸਲਰਾਂ ਦੀ ਸਹਿਮਤੀ  ਤੋਂ ਬਾਅਦ ਆਪਣੀ ਸਹਿਮਤੀ ਦਿੱਤੀ ਸੀ। ਜਿਸ ਬਾਰੇ ਉਕਤ ਦੁਕਾਨਦਾਰਾਂ ਵਲੋਂ ਕੀਤਾ ਘਿਰਾਓ ਗਲਤ ਹੈ।   
 ਕੀ ਕਹਿਣੈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਾ 
 ਜਦੋਂ ਉਕਤ ਮਾਮਲੇ ਸਬੰਧੀ ਬੰਗਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ  ਸੰਜੀਵ ਓਬਰਾਏ ਨਾਲ ਫੋਨ ’ਤੇ ਗੱਲਬਾਤ ਕਰਨੀ ਚਾਹੀ ਤਾਂ ਮੀਟਿੰਗ ਵਿਚ ਹੋਣ ਕਾਰਨ ਉਨ੍ਹਾਂ ਨਾਲ ਇਸ ਸਬੰਧੀ ਗੱਲ ਨਹੀਂ ਹੋ ਸਕੀ।
ਕੀ ਕਹਿਣੈ ਵਪਾਰ ਮੰਡਲ ਬੰਗਾ ਦੇ ਪ੍ਰਧਾਨ ਦਾ 
 ਜਦੋਂ ਉਕਤ ਵਿਸ਼ੇ ’ਤੇ ਬੰਗਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਗੋਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਦੀਅਾਂ ਦੁਕਾਨਾਂ ਨੂੰ ਖਾਲੀ ਕਰ ਕਬਜ਼ਾ ਵਾਪਸ ਦੇਣ ਦੇ ਨੋਟਿਸ ਦੀ ਉਹ ਜਿਥੇ ਸਖਤ ਨਿੰਦਾ ਕਰਦੇ ਹਨ ਉਥੇ ਹੀ ਉਹ ਕਿਸੇ ਵੀ ਹਾਲਤ ਵਿਚ ਉਕਤ ਦੁਕਾਨਾਂ ਨੂੰ ਖਾਲੀ ਨਹੀਂ ਹੋਣਗੇ। 
 


KamalJeet Singh

Content Editor

Related News