ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜੇ ਹਰਪ੍ਰੀਤ ਸਿੰਘ ਧਮੀਜਾ ਨੇ ਅਹੁਦੇਦਾਰੀ ਤੋਂ ਦਿੱਤਾ ਅਸਤੀਫਾ
Sunday, Oct 07, 2018 - 05:42 PM (IST)
ਜਲਾਲਾਬਾਦ (ਮਿੱਕੀ) – ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ੁਰੂ ਹੋਇਆ ਅਸਤੀਫਿਆਂ ਦਾ ਦੌਰ ਲਗਾਤਾਰ ਜਾਰੀ ਹੈ। ਅਕਾਲੀ ਦਲ ਦੇ ਥੰਮ ਮੰਨੇ ਜਾਣ ਵਾਲੇ ਲੀਡਰਾਂ ਵੱਲੋਂ ਪਾਰਟੀ ਤੋਂ ਕਿਨਾਰਾ ਕੀਤੇ ਜਾਣ ਉਪਰੰਤ ਲੋਕਲ ਪੱਧਰ 'ਤੇ ਵੀ ਵਰਕਰਾਂ ਤੇ ਆਗੂਆਂ ਵੱਲੋਂ ਵੱਖ-ਵੱਖ ਅਹੁਦੇਦਾਰੀਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਹਨ।
ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਿੱਖ ਸਟੂਡੈਂਟਸ ਫੈੱਡਰੇਸ਼ਨ (ਗਰੇਵਾਲ) ਦੇ ਅਹੁਦੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜੇ ਹਰਪ੍ਰੀਤ ਸਿੰਘ ਧਮੀਜਾ ਵੱਲੋਂ ਫੈੱਡਰੇਸ਼ਨ ਅਤੇ ਅਕਾਲੀ ਦਲ (ਬ) ਦੀਆਂ ਅਹੁਦੇਦਾਰੀਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਹਰਪ੍ਰੀਤ ਸਿੰਘ ਧਮੀਜਾ ਨੇ ਲਿਖਤੀ ਰੂਪ 'ਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀਆਂ ਹੋਈਆਂ ਬੇਅਦਬੀਆਂ ਤੇ ਬਹਿਬਲ ਕਲਾਂ (ਕੋਟਕਪੁਰਾ) 'ਚ ਵਾਪਰੇ ਗੋਲੀ ਕਾਂਡ ਤੇ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ 'ਚ ਅਕਾਲੀ ਦਲ ਬਾਦਲ ਦੀ ਸ਼ਮੂਲੀਅਤ ਅਤੇ ਕਾਰਗੁਜ਼ਾਰੀ ਜੱਗ ਜ਼ਾਹਿਰ ਹੈ। ਇਸ ਸਭ ਤੋਂ ਆਹਤ ਹੋ ਕੇ ਮੈਂ ਅਕਾਲੀ ਦਲ ਬਾਦਲ ਅਤੇ ਇਸ ਨਾਲ ਜੁੜੀ ਸਿੱਖ ਸਟੂਡੈਂਟਸ ਫੈੱਡਰੇਸ਼ਨ ਗਰੇਵਾਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦਾ ਹਾਂ।