ਹਰ ਪਾਸੇ ਹੋਈ ਕੋਰੋਨਾ ਦੀ ਚਰਚਾ, ਅਫਵਾਹਾਂ ਦਾ ਜ਼ੋਰ ਜਾਰੀ

Thursday, Mar 19, 2020 - 10:50 AM (IST)

ਹਰ ਪਾਸੇ ਹੋਈ ਕੋਰੋਨਾ ਦੀ ਚਰਚਾ, ਅਫਵਾਹਾਂ ਦਾ ਜ਼ੋਰ ਜਾਰੀ

ਸ਼ੇਰਪੁਰ (ਅਨੀਸ਼): ਕੋਰੋਨਾ ਵਾਇਰਸ ਕੌਮਾਂਤਰੀ ਪੱਧਰ 'ਤੇ ਗੰਭੀਰ ਮੁੱਦਾ ਬਣ ਚੁੱਕਿਆ ਹੈ। ਹਰ ਪਾਸੇ 'ਕੋਰੋਨਾ,ਕੋਰੋਨਾ' ਦੀ ਚਰਚਾ ਹੋ ਰਹੀ ਹੈ। ਚੀਨ ਤੋਂ ਲੈ ਕੇ ਪਿੰਡ ਦੀਆਂ ਸੱਥਾਂ ਅਤੇ ਫਿਰ ਸ਼ਹਿਰ 'ਚ ਗਲੀ, ਮੁਹੱਲੇ, ਲੋਕ ਹੋਣ ਜਾਂ ਫਿਰ ਕੋਈ ਦੁਕਾਨ ਹੋਵੇ, ਹਰ ਪਾਸੇ ਇਸ ਦੀਆਂ ਗੱਲਾਂ ਹੋ ਰਹੀਆਂ ਹਨ। ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਲ ਸਿਹਤ ਵਿਭਾਗ ਦੇ ਅਧਿਕਾਰੀ, ਮੁਲਾਜ਼ਮ ਵੀ ਦਿਨ-ਰਾਤ ਇਸ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ 'ਚ ਲੱਗੇ ਹੋਏ ਹਨ। ਇਸ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਹਰ ਇਕ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿੱਥੇ ਇਸ ਦੇ ਸਬੰਧੀ ਹਰ ਪਾਸੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ। ਕਈ ਲੋਕ 'ਕੋਰੋਨਾ' ਦੇ ਨਾਂ 'ਤੇ ਆਪਸ 'ਚ ਹੀ ਉਲਝ ਰਹੇ ਹਨ। ਇਕ ਗੁਰਦੁਆਰੇ 'ਚ ਜਦ ਵਿਅਕਤੀ ਲੰਗਰ ਛਕ ਰਹੇ ਸਨ, ਇਸ ਦੌਰਾਨ ਇਕ ਵਿਅਕਤੀ ਵੱਲੋਂ ਖੰਘਿਆ ਗਿਆ, ਹਾਲਾਂਕਿ ਉਸ ਨੇ ਆਪਣੀ ਕੂਹਣੀ ਮੂੰਹ ਅੱਗੇ ਕੀਤੀ ਸੀ ਤਾਂ ਇਸ ਦੌਰਾਨ ਨਜ਼ਦੀਕ ਬੈਠਾ ਵਿਅਕਤੀ ਉਸ ਨਾਲ ਬਹਿਸ ਪਿਆ, ਜਿਸ ਨੂੰ ਸ਼ਾਂਤ ਕਰਵਾਇਆ ਗਿਆ।

ਇਹ ਵੀ ਪੜ੍ਹੋ: ਹੁਣ ਦਰਸ਼ਨ ਸਥੱਲ ਰਾਹੀਂ ਵੀ ਨਹੀਂ ਹੋਣਗੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਇਸ ਤਰ੍ਹਾਂ ਦੀਆਂ ਬਹਿਸਾਂ ਵੀ ਆਮ ਦੇਖਣ ਨੂੰ ਮਿਲ ਰਹੀਆਂ ਹਨ। ਭਾਰਤ ਦੀ ਸੱਭਿਅਤਾ ਭਾਵੇਂ ਹੱਥ ਜੋੜ ਕੇ 'ਨਮਸਤੇ' ਕਰਨ ਦੀ ਹੈ ਪਰ ਅੰਗਰੇਜ਼ੀ ਸੱਭਿਅਤਾ 'ਚੋਂ ਹੱਥ ਮਿਲਾਉਣ ਦੀ ਸਿੱਖੀ ਸੱਭਿਅਤਾ ਨਾਲ ਮਿਲ ਰਹੀਆਂ ਬੀਮਾਰੀਆਂ ਕਾਰਣ ਹੁਣ 'ਹੱਥ ਮਿਲਾਉਣ' ਦੀ ਜਗ੍ਹਾ ਭਾਰਤੀ ਸੱਭਿਅਤਾ ਦੀ ਤਰਜ਼ਮਾ ਕਰਦੀ ਹੋਈ 'ਨਮਸਤੇ' ਕੀਤੇ ਜਾਣ ਲਈ ਕਿਹਾ ਜਾ ਰਿਹਾ ਹੈ। ਸਿਹਤ ਵਿਭਾਗ ਭਾਵੇਂ ਹੁਣ 'ਹੱਥ ਜੋੜ ਕੇ' ਨਮਸਤੇ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਪਰ ਆਪਣੀ ਆਦਤ ਅਨੁਸਾਰ ਹੁਣ ਜ਼ਿਆਦਾਤਰ ਲੋਕ ਜਾਣਦੇ ਹੋਏ ਵੀ ਆਪਸ 'ਚ ਹੱਥ ਮਿਲਾ ਕੇ ਜਾਂ ਗਲੇ ਮਿਲ ਰਹੇ ਹਨ ਜਦੋਂਕਿ ਸਿਹਤ ਵਿਭਾਗ 'ਚ ਵੀ ਨਜ਼ਰ ਮਾਰਿਆਂ ਅਜਿਹਾ ਹੀ ਦੇਖਣ ਨੂੰ ਆਮ ਮਿਲ ਰਿਹਾ ਹੈ, ਜਦੋਂ ਮੁਲਾਜ਼ਮ ਆਪਸ 'ਚ ਮਿਲਦੇ ਹਨ ਤਾਂ ਹੱਥ ਹੀ ਮਿਲਾ ਰਹੇ ਹਨ। ਓਧਰ, ਸਿਹਤ ਵਿਭਾਗ ਕੋਲ ਆਮ ਲੋਕਾਂ ਨੂੰ ਦੇਣ ਲਈ ਮਾਸਕ ਦੀ ਕਮੀ ਵੀ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਲੋਕਾਂ 'ਚ ਵੰਡਣ ਲਈ ਉਨ੍ਹਾਂ ਕੋਲ ਮਾਸਕ ਦਾ ਸਟਾਕ ਨਹੀਂ।

ਸ਼ਾਪਿੰਗ ਮਾਲ, ਸਿਨੇਮਾ ਘਰਾਂ, ਵਿੱਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਜਿੱਥੇ ਜਾਰੀ ਕੀਤੇ ਜਾ ਰਹੇ ਹਨ, ਉਥੇ ਹੀ ਕੁਝ ਵਿੱਦਿਅਕ ਸੰਸਥਾਵਾਂ ਜਾਂ ਆਈਲੈੱਟਸ ਦੇ ਕੋਚਿੰਗ ਸੈਂਟਰਾਂ ਵੱਲੋਂ ਹੁਕਮਾਂ ਦੇ ਬਾਵਜੂਦ ਸੈਂਟਰ ਖੋਲ੍ਹੇ ਜਾ ਰਹੇ ਹਨ। ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਹੁਣ ਇਨ੍ਹਾਂ ਖੁੱਲ੍ਹ ਰਹੇ ਸੈਂਟਰਾਂ 'ਤੇ ਸਖ਼ਤੀ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮਾਸਕ ਅਤੇ ਸੈਨੇਟਾਈਜ਼ਰ ਆਦਿ ਵੇਚਣ ਵਾਲੇ ਇਸ ਨੂੰ ਸੀਜ਼ਨ ਸਮਝ ਕੇ ਮੁਨਾਫੇ ਦੇ ਰਾਹ ਤੁਰੇ ਹੋਏ ਹਨ।

ਤਹਿਸੀਲ ਦਫਤਰਾਂ 'ਚ ਨਵੇਂ ਹੁਕਮ ਜਾਰੀ
ਦੂਜੇ ਪਾਸੇ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਰਜਿਸਟ੍ਰੇਸ਼ਨ ਦਫਤਰਾਂ 'ਚ ਸਾਵਧਾਨੀਆਂ ਵਰਤਣ ਸਬੰਧੀ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਦਫਤਰ 'ਚ ਆਉਣ ਵਾਲਾ ਹਰ ਵਿਅਕਤੀ ਦੂਜੇ ਵਿਅਕਤੀ ਤੋਂ ਘੱਟੋ-ਘੱਟ 1 ਮੀਟਰ ਦਾ ਫਾਸਲਾ ਰੱਖੇ। ਦਫਤਰ ਦੇ ਕੰਪਾਊਂਡ ਅਤੇ ਆਲੇ-ਦੁਆਲੇ ਫਰਸ਼ਾਂ ਦੀ ਸਾਫ-ਸਫਾਈ ਦਾ ਧਿਆਨ ਰੱਖਿਆ ਜਾਵੇ । ਸਮੇਂ-ਸਮੇਂ 'ਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕੀਤਾ ਜਾਵੇ। ਦਫਤਰ 'ਚ ਭੀੜ ਆਦਿ ਰੋਕਣ ਲਈ ਵਿਅਕਤੀ ਨੂੰ ਵਾਰੀ ਸਿਰ ਬੁਲਾ ਕੇ ਕੰਮ ਦਾ ਨਿਪਟਾਰਾ ਕੀਤਾ ਜਾਵੇ, ਭਾਵੇਂ ਕੰਮ ਨੂੰ ਵਧ ਸਮਾਂ ਲੱਗ ਜਾਵੇ। ਤਹਿਸੀਲ ਕੰਪਾਊਡ 'ਚ ਹਰ ਵਸੀਕਾ ਨਵੀਸ, ਅਸ਼ਟਾਮ ਫਰੋਸ਼ ਅਤੇ ਵਕੀਲਾਂ ਅਤੇ ਹੋਰ ਲਾਇਸੈਂਸ ਧਾਰਕਾਂ ਵੱਲੋਂ ਵੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।


author

Shyna

Content Editor

Related News