CM ਮਾਨ ਵੱਲੋਂ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਵਕਾਲਤ, ਕਿਹਾ- ਕੇਂਦਰ ਨੇ ਸ਼ਹੀਦਾਂ ਦੀ ਵਿਰਾਸਤ ਨੂੰ ਲਾਈ ਢਾਹ
Monday, Jul 31, 2023 - 05:15 PM (IST)

ਸੁਨਾਮ/ਸੰਗਰੂਰ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਵਕਾਲਤ ਕੀਤੀ, ਜਿਨ੍ਹਾਂ ਨੇ ਆਪਣੇ ਵਤਨ ਦੀ ਖ਼ਾਤਰ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਨਾਲ ਸਗੋਂ ਇਸ ਐਵਾਰਡ ਦਾ ਮਾਣ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਹੀ ਇਸ ਐਵਾਰਡ ਦੇ ਅਸਲ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਵਿਦੇਸ਼ੀ ਤਾਕਤਾਂ ਦੀ ਚੁੰਗਲ ’ਚੋਂ ਆਜ਼ਾਦ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਹਨ। ਭਗਵੰਤ ਮਾਨ ਨੇ ਦੁੱਖ ਨਾਲ ਕਿਹਾ ਕਿ ਅਖੌਤੀ ਰਾਸ਼ਟਰਵਾਦੀ ਕੇਂਦਰ ਸਰਕਾਰ ਨੇ ਇਨ੍ਹਾਂ ਮਹਾਨ ਸਪੂਤਾਂ ਦਾ ਸਨਮਾਨ ਕਰਨ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਉਲਟਾ ਮੌਜੂਦਾ ਕੇਂਦਰ ਸਰਕਾਰ ਮੁਲਕ ’ਚ ਜਮਹੂਰੀਅਤ ਦਾ ਘਾਣ ਕਰਕੇ ਇਨ੍ਹਾਂ ਸ਼ਹੀਦਾਂ ਦੀ ਵਿਰਾਸਤ ਨੂੰ ਢਾਹ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਤਨਪ੍ਰਸਤਾਂ ਨੇ ਦੇਸ਼ ਦੀ ਆਜ਼ਾਦੀ ਅਤੇ ਜਮਹੂਰੀਅਤ ਦੀ ਖ਼ਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ ਪਰ ਬਦਕਿਸਮਤੀ ਨਾਲ ਕੇਂਦਰ ਸਰਕਾਰ ਆਰਡੀਨੈਂਸਾਂ ਰਾਹੀਂ ਜਮਹੂਰੀ ਪ੍ਰਣਾਲੀ ਨੂੰ ਖ਼ਤਰੇ ’ਚ ਪਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਆਜ਼ਾਦੀ ਦੇ ਸੰਘਰਸ਼ ਦੌਰਾਨ ਮਹਾਨ ਦੇਸ਼ ਭਗਤਾਂ ਵੱਲੋਂ ਦੇਸ਼ ਲਈ ਲਏ ਸੁਪਨਿਆਂ ਦੇ ਬਿਲਕੁਲ ਉਲਟ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵੱਲੋਂ ਦਿੱਤੀ ਮਹਾਨ ਕੁਰਬਾਨੀ ਨੌਜਵਾਨਾਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਹਮੇਸ਼ਾ ਪ੍ਰੇਰਦੀ ਰਹੇਗੀ ਅਤੇ ਅਜਿਹੇ ਮਹਾਨ ਨਾਇਕਾਂ ਦੀਆਂ ਬੇਮਿਸਾਲ ਕੁਰਬਾਨੀਆਂ ਸਦਕਾ ਦੇਸ਼ ਵਾਸੀ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਮਹਾਨ ਸਪੂਤ ਸੀ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਬਹਾਦਰੀ ਦਾ ਸਬੂਤ ਦਿੱਤਾ ਸੀ। ਭਗਵੰਤ ਮਾਨ ਨੇ ਕਿਹਾ ਕਿ ਕੌਮੀ ਆਜ਼ਾਦੀ ਸੰਘਰਸ਼ ’ਚ ਇਸ ਮਹਾਨ ਸ਼ਹੀਦ ਦੀ ਬੇਮਿਸਾਲ ਕੁਰਬਾਨੀ ਨੇ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤ ਹੋਣ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸਟੈਟਿਸਟਿਕਸ ਦੀ ਰਿਪੋਰਟ ਨੇ ਵਧਾਈ ਚਿੰਤਾ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਵਿਖੇ ਹੋਏ ਸਾਕੇ ਦਾ ਬਦਲਾ ਲੈਣ ਲਈ 21 ਸਾਲ ਉਡੀਕ ਕੀਤੀ ਅਤੇ ਇਸ ਤਰ੍ਹਾਂ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਅਜਿਹੇ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਅੱਗੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਜਿਨ੍ਹਾਂ ਨੇ ਸੂਰਬੀਰਤਾ ਦਿਖਾਉਂਦਿਆਂ ਦੇਸ਼ ਦੀ ਆਜ਼ਾਦੀ ਲਈ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਅਮੀਰ ਵਿਰਾਸਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੰਡਨ ਤੋਂ ਸ਼ਹੀਦ ਊਧਮ ਸਿੰਘ ਦਾ ਨਿੱਜੀ ਸਮਾਨ ਵਾਪਸ ਲਿਆਉਣ ਲਈ ਸਿਰਤੋੜ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਮਸਲਿਆਂ ਨੂੰ ਸਾਰੇ ਸਬੰਧਤ ਮੰਚ ’ਤੇ ਉਠਾਏਗੀ ਤਾਂ ਜੋ ਇਸ ਸਮਾਨ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾ ਸਕੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ’ਚ ਪਈਆਂ ਸ਼ਹੀਦ ਭਗਤ ਸਿੰਘ ਨਾਲ ਜੁੜੀਆਂ ਵਸਤਾਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8