ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਸਣੇ 6 ਲੜਕੀਆਂ ਨੂੰ ਲਿਆ ਹਿਰਾਸਤ ''ਚ
Saturday, Dec 07, 2019 - 11:42 AM (IST)
ਫਰੀਦਕੋਟ (ਹਾਲੀ)—ਦੇਸ਼ 'ਚ ਇਕ ਪਾਸੇ ਹੈਦਰਾਬਾਦ ਜਬਰ-ਜ਼ਨਾਹ ਪੀੜਤਾ ਨੂੰ ਅੱਗ ਲਾ ਕੇ ਸਾੜਨ ਦੇ ਕੇਸ 'ਚ ਗ੍ਰਿਫਤਾਰ ਕੀਤੇ 4 ਦੋਸ਼ੀਆਂ ਨੂੰ ਮੁਕਾਬਲੇ 'ਚ ਮਾਰਨ ਕਰ ਕੇ ਸਰਕਾਰ ਅਤੇ ਪੁਲਸ ਵਧਾਈਆਂ ਕਬੂਲ ਰਹੀ ਹੈ। ਦੂਜੇ ਪਾਸੇ ਫਰੀਦਕੋਟ 'ਚ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਮਹਿਲਾ ਡਾਕਟਰ ਨੂੰ ਇਨਸਾਫ ਦੇਣ ਦੀ ਜਗ੍ਹਾ ਧਰਨਾ ਦੇਣ ਖਾਤਰ ਹਿਰਾਸਤ 'ਚ ਲਿਆ ਜਾ ਰਿਹਾ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ, ਜਦੋਂ ਇਨਸਾਫ ਨਾ ਮਿਲਦਾ ਦੇਖ ਪੀੜਤ ਮਹਿਲਾ ਡਾਕਟਰ ਐਕਸ਼ਨ ਕਮੇਟੀ ਦੀਆਂ ਕੁਝ ਸਾਥੀ ਲੜਕੀਆਂ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਧਰਨਾ ਦੇ ਰਹੀ ਸੀ।
ਜਿਨਸੀ ਸ਼ੋਸ਼ਣ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇਕ ਮਹਿਲਾ ਪੀੜਤ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਯੂਨੀਵਰਸਿਟੀ ਅਧਿਕਾਰੀਆਂ ਖਿਲਾਫ ਪਿਛਲੇ ਲਗਭਗ 20 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਇਕ ਵੱਡੀ ਰੈਲੀ ਵੀ 26 ਨਵੰਬਰ ਨੂੰ ਕੀਤੀ ਗਈ ਸੀ। ਇਹ ਧਰਨਾ ਫਿਲਹਾਲ ਡੀ. ਸੀ. ਦਫਤਰ ਤੋਂ 100 ਗਜ਼ ਦੀ ਦੂਰੀ 'ਤੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਸੜਕ ਉੱਪਰ ਦਿੱਤਾ ਜਾ ਰਿਹਾ ਸੀ ਪਰ ਇਨਸਾਫ ਨਾ ਮਿਲਦਾ ਦੇਖ ਦੁਖੀ ਹੋ ਕੇ ਇਸ ਮਹਿਲਾ ਡਾਕਟਰ ਨੇ ਆਪਣੀਆਂ ਸਾਥਣਾਂ ਸਮੇਤ ਡੀ. ਸੀ. ਦੀ ਗੱਡੀ ਵਾਲੇ ਪੋਰਚ 'ਚ ਸ਼ੁੱਕਰਵਾਰ ਸਵੇਰੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦਾ ਪਤਾ ਜਦੋਂ ਪੁਲਸ ਪ੍ਰਸ਼ਾਸਨ ਨੂੰ ਲੱਗਾ ਤਾਂ ਸਭ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਪੁਲਸ ਦੀ ਸਹਾਇਤਾ ਨਾਲ ਇਨ੍ਹਾਂ ਸਾਰੀਆਂ ਔਰਤਾਂ ਨੂੰ ਰਿਹਾਸਤ 'ਚ ਲੈ ਲਿਆ। ਬਾਅਦ 'ਚ ਆਈਆਂ ਖਬਰਾਂ ਅਨੁਸਾਰ ਇਨ੍ਹਾਂ ਨੂੰ ਕੋਤਵਾਲੀ ਲਿਆ ਕੇ ਰੱਖਿਆ ਗਿਆ ਅਤੇ ਇਕ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਇਨ੍ਹਾਂ ਔਰਤਾਂ ਨੇ ਪਹਿਲਾਂ ਦਿੱਤੇ ਜਾ ਰਹੇ ਧਰਨੇ ਵਾਲੀ ਜਗ੍ਹਾ 'ਤੇ ਦੁਬਾਰਾ ਧਰਨਾ ਸ਼ੁਰੂ ਕਰ ਦਿੱਤਾ।
ਔਰਤਾਂ ਨੂੰ ਹਿਰਾਸਤ 'ਚ ਲੈਣ ਦੇ ਮਾਮਲੇ ਦੀ ਨਿੰਦਾ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਜਤਿੰਦਰ ਕੁਮਾਰ, ਕੇਸ਼ਵ ਆਜ਼ਾਦ ਅਤੇ ਮਾਸਟਰ ਅਸ਼ੋਕ ਕੌਸ਼ਲ ਸਮੇਤ ਹੋਰਾਂ ਨੇ ਕਿਹਾ ਕਿ ਦੇਸ਼ ਦੀ ਸਥਿਤੀ ਦੇ ਵਾਂਗ ਹੀ ਪੰਜਾਬ ਦੀ ਸਥਿਤੀ ਵੀ ਵਿਗੜ ਰਹੀ ਹੈ। ਇਥੇ ਮਹਿਲਾਵਾਂ ਉਪਰ ਅੱਤਿਆਚਾਰ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਹੁਦਿਆਂ ਅਤੇ ਸੱਤਾ ਦੀ ਸ਼ਹਿ 'ਤੇ ਅਸਲ ਰਸੂਲ ਵਾਲੇ ਇਨ੍ਹਾਂ ਘਟਨਾਵਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ, ਪਰ ਅਧਿਕਾਰੀ ਇਨਸਾਫ਼ ਦੇਣ ਦੀ ਜਗ੍ਹਾ ਪੀੜਤਾ ਨੂੰ ਹੀ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਦੀਆਂ ਇਨ੍ਹਾਂ ਨੀਤੀਆਂ ਕਰ ਕੇ 7 ਦਸੰਬਰ ਨੂੰ ਇਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ।