ਸਰਪੰਚ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ''ਚ ਪੁਲਸ ਵਲੋਂ ਪੜਤਾਲ ਸ਼ੁਰੂ
Sunday, Sep 29, 2019 - 10:41 AM (IST)

ਮੋਗਾ (ਗੋਪੀ ਰਾਊਕੇ)—ਪਿੰਡ ਬੁੱਟਰ ਕਲਾਂ ਦੇ ਸਰਪੰਚ ਦਰਸ਼ਨ ਸਿੰਘ ਨੂੰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਸਿੱਧੇ ਤੌਰ 'ਤੇ ਸਰਪੰਚ ਬੁੱਟਰ ਕਲਾਂ ਦੇ ਹੱਕ 'ਚ ਨਿੱਤਰਦੇ ਹੋਏ ਬਲਾਕ ਮੋਗਾ-1 ਨਾਲ ਸਬੰਧਿਤ ਪਿੰਡਾਂ ਦੇ ਸਰਪੰਚਾਂ ਨੇ ਅੱਜ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ ਅਜੀਤਵਾਲ ਅਤੇ ਬਲਾਕ ਸੰਮਤੀ ਮੋਗਾ ਦੇ ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ ਦੀ ਅਗਵਾਈ ਹੇਠ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਨੂੰ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਇਨਸਾਫ ਦੀ ਅਪੀਲ ਕੀਤੀ ਹੈ।
ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦੇਣ ਤੋਂ ਪਹਿਲਾਂ ਇਲਾਕੇ ਭਰ ਦੇ ਸਰਪੰਚਾਂ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਦਰਸ਼ਨ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਸਰਪੰਚ ਹੋਣ ਕਰ ਕੇ ਪਿੰਡ 'ਚੋਂ ਕ੍ਰਾਈਮ ਪੇਸ਼ਾ ਲੋਕਾਂ ਦਾ ਵਿਰੋਧ ਕਰਦੇ ਆ ਰਹੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਵੱਲੋਂ ਹਮੇਸ਼ਾ ਹੀ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰ ਕੇ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਸ ਵਿਭਾਗ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।