ਨਨਕਾਣਾ ਸਾਹਿਬ 'ਤੇ ਹਮਲੇ ਤੋਂ ਬਾਅਦ SGPC ਪ੍ਰਧਾਨ ਨੇ ਪਾਕਿ ਸਰਕਾਰ ਨੂੰ ਕੀਤੀ ਇਹ ਅਪੀਲ

01/04/2020 5:13:33 PM

ਚੀਮਾ ਮੰਡੀ, ਬਰਨਾਲਾ (ਗੋਇਲ/ਪੁਨੀਤ ਮਾਨ) : ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਭੀੜ ਵੱਲੋਂ ਕੀਤੀ ਪੱਥਰਬਾਜੀ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਇਹੋ-ਜਿਹੇ ਗੁੰਡਾ ਅਨਸਰਾਂ ਖਿਲਾਫ਼ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਪਾਕਿ ਸਰਕਾਰ ਨੂੰ ਪਾਕਿਸਤਾਨ ਵਿਚ ਰਹਿੰਦੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਤੋਂ ਬਾਅਦ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਘੇਰ ਲਿਆ ਅਤੇ ਉਥੋਂ ਕੱਟੜਪੰਥੀ ਸਿੱਖਾਂ ਨੂੰ ਭਜਾ ਕੇ ਸ਼ਹਿਰ ਦਾ ਨਾਂ ਗੁਲਾਮ ਅਲੀ ਮੁਸਤਫਾ ਰੱਖਣ ਦੀ ਧਮਕੀ ਦਿੱਤੀ। ਜਾਣਕਾਰੀ ਮੁਤਾਬਕ ਭੜਕੀ ਹੋਈ ਭੀੜ ਨੇ ਗੁਰਦੁਆਰਾ ਸਾਹਿਬ ਨੂੰ ਤੋੜ ਦੇਣ ਦੀ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਵਿਖਾਵਾਕਾਰੀ ਕਹਿ ਰਹੇ ਹਨ ਕਿ ਨਾਨਕਾਣਾ ਸਾਹਿਬ ਵਿਚ ਕੋਈ ਸਿੱਖ ਨਹੀਂ ਬਚੇਗਾ।

ਵਰਣਨਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸਥਿਤ ਹੈ। ਇਸ ਦਾ ਨਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇਨਾਂ 'ਤੇ ਪਿਆ ਹੈ। ਗੁਰੂ ਸਾਹਿਬ ਜੀ ਦਾ ਜਨਮ ਅਸਥਾਨ ਹੋਣ ਕਾਰਨ ਇਹ ਸਥਾਨ ਸਿੱਢਾਂ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿਚੋਂ ਇਕ ਹੈ।


Related News