ਆਵਾਰਾ ਪਸ਼ੂਆਂ ਦੇ ਹੱਲ ਲਈ ਸੰਗਰੂਰ ''ਚ ਭੁੱਖ ਹੜਤਾਲ ਸ਼ੁਰੂ

08/21/2019 5:16:56 PM

ਸੰਗਰੂਰ (ਬੇਦੀ, ਯਾਦਵਿੰਦਰ) : ਰਿਆਸਤੀ ਸ਼ਹਿਰ ਵਿਚ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਅਤੇ ਪ੍ਰਸ਼ਾਸਨ ਨੂੰ ਕੁੰਭਕਰਣੀ ਨੀਂਦ ਤੋਂ ਜਗਾਉਣ ਲਈ ਸੰਗਰੂਰ ਦੇ ਸਾਂਝਾ ਮੋਰਚਾ ਵੱਲੋਂ ਹਰਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਮਹਾਵੀਰ ਚੌਕ ਬਰਨਾਲਾ ਕੈਂਚੀਆ ਵਿਖੇ ਲੜੀਵਾਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਸ ਭੁੱਖ ਹੜਤਾਲ ਵਿਚ 7 ਮੈਂਬਰ ਹਰਜੀਤ ਸਿੰਘ ਸਿੱਧੂ, ਬਲਵੰਤ ਸਿੰਘ ਜੋਗਾ, ਰਵਿੰਦਰਪਾਲ ਸਿੰਘ ਨੋਨੀ, ਅਵਤਾਰ ਸਿੰਘ ਤਾਰਾ, ਸਰਵਨ ਕੁਮਾਰ ਸੱਚਦੇਵਾ, ਬਬੀਤਾ ਗੋਇਲ, ਤੇ ਸੁਸੀਲ ਪਾਤੜਾ ਬੈਠੇ ਹਨ।

PunjabKesari

ਦੱਸਣਯੋਗ ਹੈ ਸੰਗਰੂਰ ਸ਼ਹਿਰ ਅੰਦਰ ਆਵਾਰਾ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਸ਼ਹਿਰ ਦੇ ਜਿਸ ਪਾਸੇ ਮਰਜ਼ੀ ਨਜ਼ਰ ਮਾਰ ਲਵੋ ਹਰ ਪਾਸੇ ਆਵਾਰਾ ਪਸ਼ੂਆਂ ਦੇ ਝੁੰਡ ਨਜ਼ਰ ਆਉਂਦੇ ਹਨ ਤੇ ਇਨ੍ਹਾਂ ਪਸ਼ੂਆਂ ਕਾਰਨ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ। ਆਮ ਲੋਕਾਂ ਨੂੰ ਇਸ ਸਮੱਸਿਆਂ ਤੋਂ ਰਾਹਤ ਦਿਵਾਉਣ ਲਈ ਅੱਜ ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਗਾਉਣ ਲਈ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਸ ਭੁੱਖ ਹੜਤਾਲ ਵਿਚ ਪਹੁੰਚੇ ਵੱਖ-ਵੱਖ ਆਗੂਆਂ ਨੇ ਉਕਤ ਮਾਮਲੇ ਵਿਚ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਠੋਸ ਕਦਮ ਨਾ ਚੁੱਕੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕ ਸਰਕਾਰ ਨੂੰ ਗਊ ਸੈਸ ਦੇ ਰੂਪ ਵਿਚ ਟੈਕਸ ਦੇ ਰਹੇ ਹਨ ਪਰ ਫਿਰ ਵੀ ਆਵਾਰਾ ਪਸ਼ੂ ਸੜਕਾਂ ਤੇ ਬਜ਼ਾਰਾਂ ਵਿਚ ਫਿਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਵੀ ਉਕਤ ਧਰਨੇ ਵਿਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ। ਇਸ ਮੌਕੇ ਆਪ ਪਾਰਟੀ ਦੇ ਆਗੂ ਇੰਦਰਪਾਲ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਗੋਇਲ ਆਦਿ ਵੀ ਮੌਜੂਦ ਸਨ।

ਜਲਦ ਮਿਲੇਗੀ ਆਵਾਰਾ ਪਸ਼ੂਆਂ ਤੋਂ ਰਾਹਤ : ਡਿਪਟੀ ਕਮਿਸ਼ਨਰ
ਜ਼ਿਲਾ ਸੰਗਰੂਰ ਅੰਦਰ ਆਵਰਾ ਪਸ਼ੂਆਂ ਦੀ ਭਰਮਾਰ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਹੀ ਉਨ੍ਹਾਂ ਵੱਲੋਂ ਸਮੂਹ ਨਗਰ ਕੌਂਸਲਾਂ ਦੇ ਅਧਿਕਾਰੀਆਂ, ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਉਕਤ ਮਾਮਲੇ ਵਿਚ ਤਰੁੰਤ ਢੁੱਕਵੇਂ ਕਦਮ ਪੁੱਟਣ ਦੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਜਲਦ ਹੀ ਆਵਰਾ ਪਸ਼ੂਆਂ ਤੋਂ ਲੋਕਾਂ ਨੂੰ ਰਾਹਤ ਮਿਲੇਗੀ।


cherry

Content Editor

Related News