ਪੰਜਾਬ ਦਾ ਪ੍ਰਾਚੀਨ ਇਤਿਹਾਸਕ ਨਗਰ: ਸੰਘੋਲ
Monday, May 18, 2020 - 02:29 PM (IST)
ਸੰਘੋਲ ਤਹਿਸੀਲ ਤੇ ਬਲਾਕ ਖੁਮਾਣੋਂ ਦਾ ਇਕ ਕਸਬਾ ਹੈ, ਜੋ ਸਰਹਿੰਦ ਤੋਂ 14 ਕਿੱਲੋਮੀਟਰ ਦੂਰ, ਸਮਰਾਲਾ-ਚੰਡੀਗੜ੍ਹ ਸੜਕ ਤੋਂ ਸਥਿਤ ਹੈ ਅਤੇ ਚੰਡੀਗੜ੍ਹ ਤੋਂ 40 ਕਿੱਲੋਮੀਟਰ ਦੂਰ ਹੈ। ਇਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਇੱਕ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲਾ ਕਸਬਾ ਹੈ, ਜਿਸ ਦੀ ਉੱਤਰੀ ਭਾਰਤ ਦੇ ਇਤਿਹਾਸ ਵਿਚ ਇਸ ਦੀ ਖ਼ਾਸ ਅਹਿਮੀਅਤ ਹੈ। ਹੱਦਬਸਤ ਨੰਬਰ 310 ਅਤੇ ਜਨਸੰਖਿਆ 5850 ਹੈ।
ਇਹ ਕਈ ਵਾਰ ਉੱਜੜਿਆ ਅਤੇ ਥੇਹ ’ਤੇ ਵੱਸਦਾ ਰਿਹਾ ਅਤੇ ਇਹ ਥੇਹ ਉੱਚਾ ਹੁੰਦਾ ਗਿਆ। ਪਿੰਡ ਦੇ ਸਭ ਤੋਂ ਉੱਚੇ ਘਰ ਦੀ ਧਰਤੀ ਤੋਂ ਉਚਾਈ ਤਕਰੀਬਨ 16-17 ਮੀਟਰ ਹੋਵੇਗੀ। ਇਹ ਹੁਣ ਵੀ ਆਲੇ-ਦੁਆਲੇ ਦੇ ਇਲਾਕੇ ਤੋਂ ਉੱਚਾ ਪਿੰਡ ਦੂਰੋਂ ਹੀ ਵਿਖਾਈ ਦਿੰਦਾ ਹੈ। ਇਸ ਲਈ ਇਸ ਨੂੰ ਉੱਚਾ ਪਿੰਡ ਵੀ ਕਹਿ ਦਿੱਤਾ ਜਾਂਦਾ ਹੈ। ਇਸ ਦਾ ਰਕਬਾ 854 ਹੈਕਟੇਅਰ ਹੈ ਅਤੇ ਆਬਾਦੀ 5015 ਹੈ।
ਸੰਘੋਲ ਇਕ ਇਤਿਹਾਸਕ ਕਸਬਾ ਹੈ ਪਰ ਇਸ ਬਾਰੇ ਕਈ ਮਿਥਿਹਾਸਕ ਅਤੇ ਦੰਦ ਕਥਾਵਾਂ ਵੀ ਪ੍ਰਚਲਿਤ ਹਨ। ਇਲਾਕੇ ਦੀ ਇਕ ਦੰਦ ਕਥਾ ਅਨੁਸਾਰ ਇਸ ਥਾਂ ਦਾ ਨਾਂ ਸੰਗਲਾਦੀਪ ਸੀ ਅਤੇ ਇਹ ਇਸ ਇਲਾਕੇ ਦੀ ਰਾਜਧਾਨੀ ਸੀ। ਇੱਥੋਂ ਦੇ ਰਾਜੇ ਦੇ ਦੋ ਰਾਜਕੁਮਾਰ ਰੂਪ ਅਤੇ ਬਸੰਤ ਸਨ। ਉਨ੍ਹਾਂ ਨੂੰ ਕਿਸੇ ਕਾਰਨ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਇਸ ਔਖੇ ਵੇਲੇ ਉਨ੍ਹਾਂ ਨਾਲ ਜੋ ਬੀਤੀ, ਉਹ ਪੰਜਾਬੀ ਦੇ ਕਿੱਸਾ-ਕਾਵਿ ਦਾ ਅਟੁੱਟ ਅੰਗ ਬਣ ਗਿਆ। ਕਿੱਸਾ ‘ਰੂਪ ਬਸੰਤ’ ਕਵੀਸ਼ਰ ਵਲੋਂ ਮੇਲਿਆਂ ਅਤੇ ਸਾਰੰਗੀ ਨਾਲ ਗਾਇਆ ਜਾਂਦਾ ਸੀ।
ਇਸ ਥਾਂ ’ਤੇ ਲਗਭਗ 4000 ਸਾਲ ਪਹਿਲਾਂ ਆਬਾਦੀ ਹੋ ਗਈ ਸੀ। ਹੌਲੀ-ਹੌਲੀ ਕੁਸ਼ਾਨ ਕਾਲ ਤੱਕ ਇਹ ਬੜਾ ਵਿਕਸਿਤ ਸ਼ਹਿਰ ਬਣ ਗਿਆ ਸੀ। ਇੱਥੇ ਬੁੱਧ ਧਰਮ ਦਾ ਬੜਾ ਪ੍ਰਚਾਰ ਸੀ, ਇੱਥੇ ਸਤੂਪ ਬਣਿਆ ਹੋਇਆ ਸੀ।
ਕਈਆਂ ਦਾ ਮੰਨਣਾ ਹੈ ਕਿ ਇਸ ਦਾ ਨਾਮ ਸੰਘਪੁਰ ਸੀ। ਸੱਤਵੀਂ ਸਦੀ ਵਿਚ ਭਾਰਤ ਆਏ ਚੀਨੀ ਯਾਤਰੀ ਹਿਊਨ ਸਾਂਗ ਨੇ ਇੱਥੇ ਦੇ ਬੋਧੀ ਮੱਠ ਦਾ ਜ਼ਿਕਰ ਕੀਤਾ ਹੈ। ਫਿਰ ਗੁਪਤ ਰਾਜਿਆਂ ਨੇ ਸੰਘੋਲ ਉੱਤੇ ਰਾਜ ਕੀਤਾ। ਇਸ ਸਮੇਂ ਸੰਘੋਲ ਨੂੰ ਮਹਾਨਗਰ ਦਾ ਦਰਜਾ ਮਿਲ ਗਿਆ ਸੀ। ਗੁਪਤ ਕਾਲ ਦੌਰਾਨ ਸਾਮੰਤ ਦੁਆਰਾ ਜਾਰੀ ਕੀਤੀਆਂ ਮੋਹਰਾਂ ਇੱਥੋਂ ਮਿਲੀਆਂ ਹਨ। ਇਸ ਥਾਂ ਤੋਂ ਰਾਜਾ ਸਮੁੰਦਰ ਗੁਪਤ ਦਾ ਸੋਨੇ ਦਾ ਸਿੱਕਾ ਵੀ ਮਿਲਿਆ ਹੈ। ਫਿਰ ਹੂਣਾਂ ਦੇ ਲੜਾਕੇ ਕਬੀਲੇ ਨੇ ਸੰਘੋਲ ਨੂੰ ਤਬਾਹ ਕਰ ਦਿੱਤਾ। ਫਿਰ ਇਹ ਸ਼ਾਹੀ ਰਾਜਿਆਂ ਦੇ ਅਧੀਨ ਹੋ ਗਿਆ। ਬਲਬਨ ਦੇ ਸਮੇਂ ਤੋਂ ਇਸ ਦੀ ਅਹਿਮੀਅਤ ਮੁੜ ਵਧੀ ਅਤੇ ਉਸ ਦੇ ਸਿੱਕੇ ਵੀ ਇਸ ਥਾਂ ਤੋਂ ਮਿਲੇ ਹਨ। ਪਰ ਲਗਦਾ ਹੈ ਕਿ ਸਲਤਨਤ ਕਾਲ ਵਿੱਚ ਜੰਗਾਂ-ਜੱਧਾਂ ਕਾਰਨ ਇੱਕ ਵਾਰ ਫਿਰ ਉੱਜੜ ਗਿਆ।
ਸੰਘੋਲ ਦੇ ਵਾਸੀਆਂ ਅਨੁਸਾਰ ਇਹ ਪਿੰਡ ਰਾਜਪੂਤ ਬਰਾਦਰੀ ਨਾਲ ਸਬੰਧਿਤ ਹੈ। ਉਨ੍ਹਾਂ ਦੇ ਬਜੁਰਗਾਂ ਨੇ ਮੌਜੂਦਾ ਪਿੰਡ ਦਾ ਮੁੱਢ ਇਸ ਉੱਚੇ ਥਾਂ ’ਤੇ ਰਾਜਸਥਾਨ ਤੋਂ ਆ ਕੇ 1540 ਈ. ਦੇ ਲਗਭਗ ਬੰਨ੍ਹਿਆ। ਉਨ੍ਹਾਂ ਤੋਂ ਬਾਅਦ ਦਲਿਉ ਭਾਈਚਾਰੇ ਦੇ ਲੋਕ ਵੀ ਇੱਥੇ ਆ ਵੱਸੇ। 1630 ਈ. ਦੇ ਲਗਭਗ ਮੁਗ਼ਲਾਂ ਦੇ ਰਾਜ ਸਮੇਂ ਉੱਚਾ ਪਿੰਡ ਥੇਹ ਸੰਘੋਲ ਕਿਸੇ ਘਟਨਾ ਕਾਰਨ ਫਿਰ ਉੱਜੜ ਗਿਆ ਅਤੇ ਦਲਿਉ ਭਾਈਚਾਰੇ ਦੇ ਲੋਕ ਮਾਨਸਾ ਵੱਲ ਚਲੇ ਗਏ ਅਤੇ ਭੀਖੀ ਦੇ ਨਜ਼ਦੀਕ ਜਾ ਆਬਾਦ ਹੋ ਗਏ। ਇਕ ਵਾਰ ਫਿਰ ਬਾਦਸ਼ਾਹ ਜਹਾਂਗੀਰ (1605-1627 ਈ.) ਨੇ ਜੈਸਲਮੇਰ ਦੇ ਇਲਾਕੇ ਤੋਂ ਰਾਜਪੂਤਾਂ ਨੂੰ ਇੱਥੇ ਜਗੀਰਾਂ ਦੇ ਕੇ ਵਸਾਇਆ। ਉਨ੍ਹਾਂ ਵਿਚੋਂ ਇਕ ਰਾਜਪੂਤ ਨੇ ਆਪਣੇ ਲੜਕੇ ਸੰਘੋ ਦੇ ਨਾਮ ’ਤੇ ਪਿੰਡ ਦਾ ਨਾਮ ਸੰਘੋਵਾਲ ਰੱਖਿਆ, ਜੋ ਸੰਘੋਲ ਬਣ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਵਿਚ ਚਰਨ ਪਾਏ। ਨੌਵੇਂ ਪਾਤਸ਼ਾਹ ਗੁਰਿਆਈ ਮਿਲਣ ਪਿੱਛੋਂ ਚੱਕ ਨਾਨਕੀ ਦੀ ਨੀਂਹ ਰੱਖਕੇ ਪਟਨਾ ਸਾਹਿਬ ਵੱਲ ਨੂੰ ਚੱਲ ਪਏ। ਮੰਨਿਆ ਜਾਂਦਾ ਹੈ ਕਿ ਗੁਰੂ ਜੀ 1722 ਬਿ. ਵਿਚ ਰੋਪੜ ਹੁੰਦੇ ਹੋਏ (ਮੌਜੂਦਾ ਮਾਨਪੁਰ) ਰਾਮਤਲਾਈ ਦੇ ਕੰਢੇ ਠਹਿਰੇ। ਉੱਥੋਂ ਚਲ ਸੰਘੋਲ ਆ ਬਿਰਾਜੇ। ਸਤਿਗੁਰਾਂ ਦਾ ਆਉਣਾ ਸੁਣ ਇਲਾਕੇ ਦੀਆਂ ਸੰਗਤਾਂ ਦਰਸ਼ਨਾਂ ਨੂੰ ਆਇਆਂ ਅਤੇ ਰਸਦਾਂ ਦੀ ਸੇਵਾ ਕੀਤੀ। ਅਨੇਕਾਂ ਲੋਕ ਗੁਰੂ ਜੀ ਦੇ ਸ਼ਰਧਾਲੂ ਬਣੇ ਅਤੇ ਗੁਰਸਿੱਖੀ ਧਾਰਨ ਕੀਤੀ। ਗੁਰੂ ਜੀ ਨੇ ਇੱਥੇ ਸੰਗਤਾਂ ਨੂੰ ਇਕ ਧਰਮਸ਼ਾਲਾ ਤਿਆਰ ਕਰਨ ਦੇ ਆਦੇਸ਼ ਦਿੱਤੇ। ਇੱਥੇ ਪਹਿਲਾਂ ਇਕ ਛੋਟੀ ਜਿਹੀ ਪੁਰਾਣੀ ਇਮਾਰਤ ਸੁਸ਼ੋਭਿਤ ਸੀ। ਫਿਰ ਬਾਬਾ ਹਰਬੰਸ ਸਿੰਘ ਜੀ, ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਅਤੇ ਬਾਬਾ ਗੁਰਦੀਪ ਸਿੰਘ ਜੀ ਘੜੂੰਏ ਵਾਲਿਆਂ ਨੇ ਨਵੀਂ ਇਮਾਰਤ ਦੀ ਸੇਵਾ ਕਰਵਾਈ ਹੈ।
ਬਾਦਸ਼ਾਹ ਬਹਾਦਰ ਸ਼ਾਹ ਦੇ ਸਮੇਂ ਵੀ ਇਸ ਪਿੰਡ ਦੀ ਕਾਫ਼ੀ ਅਹਿਮੀਅਤ ਸੀ ਅਤੇ ਉਸ ਨੇ ਇੱਥੋਂ ਦੇ ਸ਼ਿਵ ਮੰਦਰ ਦੀ ਦੇਖਭਾਲ ਲਈ ਸਹਾਇਤਾ ਦਿੱਤੀ ਸੀ, ਜਿਸ ਦਾ ਪਤਾ ਇਕ ਲਿਖਤ ਤੋਂ ਲੱਗਦਾ ਹੈ। ਮੁਗ਼ਲ ਰਾਜ ਸਮੇਂ ਇਹ ਪਿੰਡ ਪੰਚਕੂਲੇ ਦੇ ਗਵਰਨਰ ਅਧੀਨ ਸੀ। ਬਾਅਦ ਵਿਚ ਸਿੱਖ ਮਿਸਲਾਂ ਸਮੇਂ ਰੋਪੜ ਦੇ ਅਧੀਨ ਆ ਗਿਆ। ਉਸ ਤੋਂ ਬਾਅਦ ਰਾਜਾ ਅਮਰ ਸਿੰਘ ਪਟਿਆਲਾ ਨੇ ਇਸ ਨੂੰ ਆਪਣੇ ਅਧੀਨ ਕਰ ਲਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਿੰਡ ਸਮਰਾਲਾ ਤਹਿਸੀਲ ਜ਼ਿਲ੍ਹਾ ਲੁਧਿਆਣਾ ਵਿਚ ਬਦਲ ਦਿੱਤਾ ਗਿਆ। ਫਿਰ ਨਵੇਂ ਬਣੇ ਜ਼ਿਲ੍ਹੇ ਫ਼ਤਹਿਗੜ੍ਹ ਦੇ ਵਿਚ ਆ ਗਿਆ।
ਰਾਜਪੂਤਾਂ ਦਾ ਪਿੰਡ ਹੋਣ ਕਰ ਕੇ ਇੱਥੇ ਸਤੀਆਂ ਦੀ ਕਾਫ਼ੀ ਮਾਨਤਾ ਹੈ ਅਤੇ ਇਸ ਵਿਚ ਕਈ ਮੰਦਰ ਹਨ, ਜਿਨ੍ਹਾਂ ਵਿਚੋਂ ਤੋਲਿਆਂ ਦਾ ਮੰਦਰ, ਖੱਤਰੀਆਂ ਦਾ ਮੰਦਰ, ਪਰਮਹੰਸ ਮੰਦਰ, ਸਤ ਨਰਾਇਣ ਮੰਦਰ, ਠਾਕੁਰਦੁਆਰਾ ਪ੍ਰਮੁੱਖ ਹਨ। ਇੱਥੇ
ਚੌਖੰਡੀ ਸਰਾਂ, ਬਾਬਾ ਸੀਤਲਾ ਨਾਥ ਦੀ ਸਰਾਂ ਵੀ ਹੈ। ਇੱਥੇ ਗੁੱਗਾਮਾੜੀ ਅਤੇ ਲਾਲਾਂ ਵਾਲੇ ਪੀਰ ਦਾ ਅਸਥਾਨ ਵੀ ਹੈ। ਸੰਘੋਲ ਵਿਚ ਸੁਥਰਿਆਂ ਦਾ ਡੇਰਾ ਵੀ ਹੈ। ਇੱਥੇ ਬਾਲਵਾੜੀ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ, ਸਰਕਾਰੀ ਹਾਈ ਸਕੂਲ (ਲੜਕਿਆਂ), ਸਰਕਾਰੀ ਹਸਪਤਾਲ, ਪਸ਼ੂ ਹਸਪਤਾਲ, ਦਾਣਾ ਮੰਡੀ ਅਤੇ ਪੁਲਸ ਚੌਂਕੀ ਵੀ ਹੈ।
ਜਿਸ ਥੇਹ ’ਤੇ ਇਹ ਪਿੰਡ ਵੱਸਿਆ ਹੋਇਆ ਹੈ, ਉਸ ਥੇਹ ਵਿਚੋਂ ਖ਼ੁਦਾਈ ਕਰਦਿਆਂ ਕੁਝ ਨਾ ਕੁਝ ਮਿਲਦਾ ਹੀ ਰਹਿੰਦਾ ਸੀ, ਇਸ ਲਈ ਫਰਵਰੀ 1985 ’ਚ ਪੁਰਾਤਤਵ ਵਿਭਾਗ ਪੰਜਾਬ ਨੇ ਇਸ ਦੀ ਖ਼ੁਦਾਈ ਸ਼ੁਰੂ ਕਰਵਾਈ ਤਾਂ ਇਸ ਨਗਰ ਦੀ ਪ੍ਰਾਚੀਨਤਾ ਬਾਰੇ ਪਤਾ ਲੱਗਾ।
ਇੱਥੋਂ ਸਿੰਧੂ ਜਾਂ ਹੜੱਪਾ ਸੱਭਿਅਤਾ (1720-1300 ਬੀ. ਸੀ.) ਤੋਂ ਲੈ ਕੇ 6ਵੀਂ ਸਦੀ ਈ. ਤੱਕ ਦੀਆਂ ਵਸਤਾਂ ਮਿਲੀਆਂ ਹਨ। ਜਿਨ੍ਹਾਂ ਵਿਚ ਹੜੱਪਾ ਸੱਭਿਅਤਾ, ਸ਼ੁੰਗ ਕਾਲ, ਕੁਸ਼ਾਨ ਕਾਲ, ਗੁਪਤ ਕਾਲ, ਸਲਤਨਤ ਕਾਲ ਅਤੇ ਮੁਗ਼ਲ ਕਾਲ ਨਾਲ ਸੰਬੰਧਤ ਵਸਤਾਂ ਮਿਲੀਆਂ ਹਨ। ਖੁਦਾਈ ਦੌਰਾਨ ਵੱਖ-ਵੱਖ ਕਾਲ ਦੇ ਭਾਂਡੇ, ਖਿਡੌਣੇ, ਗਹਿਣੇ, ਮੂਰਤੀਆਂ, ਮੋਹਰਾਂ, ਕੀਮਤੀ ਪੱਥਰ, ਸਿੱਕੇ ਮਿਲੇ ਹਨ। ਇੱਥੋਂ ਕੁਸ਼ਾਨ ਕਾਲ ਅਤੇ ਮਥੁਰਾ ਸ਼ੈਲੀ ਦੀਆਂ ਮੂਰਤੀਆਂ, ਸੁੰਦਰ ਪੱਥਰ ਦੇ ਬਣੇ 69 ਸਤੂਪ ਸਤੰਭਾਂ, 35 ਬਾਹੀਆਂ (ਕਰੌਸ ਬਾਰ) ਮਿਲੇ ਹਨ, ਜਿਨ੍ਹਾਂ ਤੇ ਵੱਖ-ਵੱਖ ਆਕਾਰਾਂ ਵਿਚ ਮਰਦਾਂ-ਔਰਤਾਂ ਦੀਆਂ ਵੱਖ-ਵੱਖ ਅਦਾਵਾਂ ਅਤੇ ਮੁਦਰਾਵਾਂ ਵਾਲੀਆਂ ਮੂਰਤੀਆਂ ਮਿਲੀਆਂ। ਇਨ੍ਹਾਂ ਸਭ ਨੂੰ ਇਕ ਅਜਾਇਬ ਘਰ ਬਣਾ ਵਿਚ ਸੁਸ਼ੋਭਿਤ ਕੀਤਾ ਗਿਆ।
ਪੰਜਾਬ ਦੇ ਤਤਕਾਲੀ ਐਡਵਾਈਜ਼ਰ ਟੂ ਗਵਰਨਰ ਐੱਚ. ਐੱਮ. ਸਿੰਘ ਨੇ ਇਸ ਅਜਾਇਬ ਘਰ ਦਾ ਉਦਘਾਟਨ 10 ਅਪ੍ਰੈਲ, 1990 ਨੂੰ ਕੀਤਾ। ਇੱਥੋਂ ਮਿਲੀਆਂ ਸਭ ਦੁਰਲਭ ਵਸਤਾਂ ਨੂੰ ਬੜੇ ਸੁੰਦਰ ਢੰਗ ਨਾਲ ਸਿਰਲੇਖਾਂ, ਫੋਟੋਆਂ, ਡਰਾਇੰਗਾਂ, ਨਕਸ਼ੇ, ਚਾਰਟਾਂ ਅਤੇ ਗਰਾਫਾਂ ਆਦਿ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਜਿਸ ਤੋਂ ਪੰਜਾਬ ਦੀ ਅਮੀਰ ਵਿਰਾਸਤ ਦੇ ਦਰਸ਼ਨ ਸਹਿਜੇ ਹੀ ਹੋ ਜਾਂਦੇ ਹਨ। ਕਲਾ ਪ੍ਰੇਮੀਆਂ ਦੇ ਦਿਲਾਂ ਵਿਚ ਸੰਘੋਲ ਦਾ ਪੁਰਾਤਤਵ ਅਜਾਇਬ ਵਿਸ਼ੇਸ਼ ਥਾਂ ਰੱਖਦਾ ਹੈ। ਬਹੁਤ ਸਾਰੇ ਕਲਾ ਪ੍ਰੇਮੀ, ਸਕੂਲੀ ਬੱਚੇ, ਕਾਲਜ ਵਿਦਿਆਰਥੀ, ਖੋਜੀ ਅਤੇ ਆਮ ਲੋਕ ਇਸ ਨੂੰ ਵੇਖਣ ਲਈ ਆਉਂਦੇ ਰਹਿੰਦੇ ਹਨ।
ਹਰਪ੍ਰੀਤ ਸਿੰਘ ਨਾਜ਼
ਢਿਲੋਂ ਕਾਟੇਜ, ਮਕਾਨ ਨੰਬਰ 115,
ਸੈਕਟਰ 2 ਏ, ਸ਼ਾਮ ਨਗਰ,
ਮੰਡੀ ਗੋਬਿੰਦਗੜ੍ਹ 147301