ਕਿਸਾਨਾਂ ਨੇ ਪੁਲਸ ਚੌਕੀ ਦਾ ਕੀਤਾ ਘਿਰਾਓ

12/08/2019 12:27:35 PM

ਸੰਗਤ ਮੰਡੀ (ਮਨਜੀਤ) : ਪਿੰਡ ਬੱਲੂਆਣਾ ਵਿਖੇ ਨਕਲੀ ਕੀਟਨਾਸ਼ਕ ਦਵਾਈਆਂ ਬਣਾਉਣ ਫੈਕਟਰੀ ਦੇ ਮਾਲਕ ਵਿਰੁੱਧ ਕਾਰਵਾਈ ਕਰਵਾਉਣ ਨੂੰ ਲੈ ਕੇ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਡਕੌਂਦਾ ਦੇ ਕਾਰਕੁੰਨਾਂ ਵੱਲੋਂ ਪਿੰਡ ਵਾਸੀਆਂ ਨਾਲ ਮਿਲ ਕੇ ਪਿੰਡ 'ਚ ਝੰਡਾ ਮਾਰਚ ਕਰਦਿਆਂ ਬੱਲੂਆਣਾ ਚੌਕੀ ਦਾ ਘਿਰਾਓ ਕਰ ਕੇ ਸਰਕਾਰ ਤੇ ਪੁਲਸ ਅਧਿਕਾਰੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਤੇ ਬਲਾਕ ਬਠਿੰਡਾ ਦੇ ਪ੍ਰਧਾਨ ਅਮਰੀਕ ਸਿੰਘ ਸਿਵੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਵਾਸੀਆਂ ਵੱਲੋਂ ਪਿੰਡ 'ਚ ਚਲਦੀ ਨਕਲੀ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ ਫੈਕਟਰੀ ਨੂੰ ਖ਼ੇਤੀਬਾੜੀ ਵਿਭਾਗ ਤੇ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਪਰਦਾਫਾਸ਼ ਕੀਤਾ ਗਿਆ ਸੀ। ਬੇਸ਼ੱਕ ਪੁਲਸ ਵੱਲੋਂ ਕੰਪਨੀ ਮਾਲਕ ਵਿਰੁੱਧ ਮਾਮਲਾ ਤਾਂ ਦਰਜ ਕੀਤਾ ਗਿਆ ਪਰ ਲਗਭਗ ਇਕ ਹਫ਼ਤਾ ਬੀਤ ਚੁੱਕਾ ਹੈ ਹਾਲੇ ਤੱਕ ਪੁਲਸ ਵੱਲੋਂ ਕੰਪਨੀ ਮਾਲਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫੈਕਟਰੀ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਉਹ ਅੱਗੇ ਤੋਂ ਕਿਸਾਨਾਂ ਨਾਲ ਕੋਈ ਖਿਲਵਾੜ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਸੂਬੇ 'ਚ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਨਕਲੀ ਕੀਟਨਾਸ਼ਕ ਦਵਾਈਆਂ ਤੇ ਬੀਜ ਦੇਣ ਨਾਲ ਉਨ੍ਹਾਂ ਦਾ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਸਰਕਾਰ ਤੇ ਪੁਲਸ ਵਿਭਾਗ ਵੱਲੋਂ ਫੈਕਟਰੀ ਮਾਲਕਾਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾਂ ਕਾਰਕੁੰਨਾਂ ਵੱਲੋਂ ਅਣਮਿੱਥੇ ਸਮੇਂ ਲਈ ਬੱਲੂਆਣਾ ਚੌਕੀ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਜ਼ਿਲਾ ਕਮੇਟੀ ਮੈਂਬਰ ਜਗਸੀਰ ਸਿੰਘ ਝੰਬਾ, ਬਲਾਕ ਬਠਿੰਡਾ ਪ੍ਰਧਾਨ ਅਮਰੀਕ ਸਿੰਘ ਸਿਵੀਆ, ਬਲਦੇਵ ਸਿੰਘ, ਸੰਤ ਸਿੰਘ ਫੌਜੀ, ਸੁਖਦੇਵ ਸ਼ਰਮਾ, ਸੁਖਵਿੰਦਰ ਸਿੰਘ, ਗੁਰਜੰਟ ਸਿੰਘ ਬੁਰਜ ਮਹਿਮਾ, ਮੱਖਣ ਸਿੰਘ ਮਹਿਮਾ ਭਗਵਾਨਾ, ਧਰਮਪਾਲ ਜੰਡੀਆਂ, ਬੰਤ ਸਿੰਘ ਬਹਿਮਣ ਦੀਵਾਨਾ, ਕੌਰ ਸਿੰਘ ਚੁੱਘੇ ਕਲਾਂ ਤੋਂ ਇਲਾਵਾ ਬੱਲੂਆਣਾ ਦੀ ਪੰਚਾਇਤ ਤੇ ਪਿੰਡ ਵਾਸੀ ਮੌਜੂਦ ਸਨ।


cherry

Content Editor

Related News