ਗ਼ਰੀਬ ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਸੜਕ ਹਾਦਸੇ ’ਚ ਇੱਕ ਭਰਾ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ

Tuesday, Feb 16, 2021 - 06:37 PM (IST)

ਗ਼ਰੀਬ ਪਰਿਵਾਰ ''ਤੇ ਟੁੱਟਾ ਦੁੱਖਾਂ ਦਾ ਪਹਾੜ, ਸੜਕ ਹਾਦਸੇ ’ਚ ਇੱਕ ਭਰਾ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ

ਮਾਛੀਵਾੜਾ ਸਾਹਿਬ (ਟੱਕਰ): ਬੀਤੀ ਰਾਤ ਮਾਛੀਵਾੜਾ-ਨੂਰਪੁਰ ਰੋਡ ’ਤੇ ਮੋਟਰਸਾਈਕਲ ਸਵਾਰ 2 ਸਕੇ ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਵਿਚ ਕੁਲਵਿੰਦਰ ਸਿੰਘ (42) ਵਾਸੀ ਨੂਰਪੁਰ ਦੀ ਮੌਤ ਹੋ ਗਈ ਜਦਕਿ ਦੂਜਾ ਦਲਜੀਤ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਜੋ ਕਿ ਲੁਧਿਆਣਾ ਵਿਖੇ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਸਦਾ ਭਰਾ ਦਲਜੀਤ ਸਿੰਘ ਫੈਕਟਰੀ ’ਚ ਕਰਮਚਾਰੀ ਹੈ, ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਤ 9 ਵਜੇ ਮਾਛੀਵਾੜਾ ਤੋਂ ਵਾਪਸ ਆਪਣੇ ਪਿੰਡ ਨੂਰਪੁਰ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਇੱਕ ਸਕਾਰਪਿਓ ਗੱਡੀ ਦੀ ਚਪੇਟ ਵਿਚ ਆ ਗਏ। ਇਸ ਹਾਦਸੇ ’ਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਦਲਜੀਤ ਸਿੰਘ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ‘ਹੁਣ ਚੋਣ ਨਤੀਜਿਆਂ ਦੀ ਉਡੀਕ : ਵਿਧਾਨ ਸਭਾ ਚੋਣਾਂ 2022 ’ਤੇ ਦਿਖੇਗਾ ਅਸਰ’

ਹਾਦਸੇ ਤੋਂ ਬਾਅਦ ਸਕਾਰਪਿਓ ਚਾਲਕ ਆਪਣੀ ਗੱਡੀ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਲਾਸ਼ ਕਬਜ਼ੇ ’ਚ ਕਰ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਸਕਾਰਪਿਓ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਕੁਲਵਿੰਦਰ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਉਸਦੀ ਕਮਾਈ ’ਤੇ ਹੀ ਚੱਲਦਾ ਸੀ ਜਿਸ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਉੱਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਹੈ।

ਇਹ ਵੀ ਪੜ੍ਹੋ: ‘ਸਿੱਧੂ ਦੇ ਮਹਿਕਮੇ ਨੂੰ ਲੈ ਕੇ ਫਸੀ ਹੋਈ ਹੈ ਘੁੰਢੀ’


author

Shyna

Content Editor

Related News