ਕਿਸਾਨ ਦੀ ਜ਼ਮੀਨ ਐਕਵਾਇਰ ਕਰਨ ''ਤੇ ਮਾਲ ਵਿਭਾਗ ਨੇ ਉਸ ਦੇ ਖਾਤੇ ''ਚ ਗ਼ਲਤੀ ਨਾਲ ਪਾਏ 9.50 ਕਰੋੜ ਰੁਪਏ
Friday, Nov 11, 2022 - 11:42 AM (IST)

ਬਠਿੰਡਾ (ਵਰਮਾ) : ਮਾਲ ਵਿਭਾਗ ਬਠਿੰਡਾ ਵੱਲੋਂ ਸੜਕ ਬਣਾਉਣ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਕਿਸਾਨ ਨੂੰ ਦਿੱਤੀ ਗਈ ਕਰੀਬ 94 ਲੱਖ ਰੁਪਏ ਦੀ ਰਾਸ਼ੀ ਦੇ ਬਦਲੇ 9.50 ਕਰੋੜ ਰੁਪਏ ਉਸ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਗਏ। ਉਕਤ ਕਿਸਾਨ ਨੇ ਇਸ ਵਿੱਚੋਂ ਮਹਿਜ਼ ਡੇਢ ਕਰੋੜ ਰੁਪਏ ਮਹਿਕਮੇ ਨੂੰ ਵਾਪਸ ਕੀਤੇ, ਜਿਸ ਕਾਰਨ ਵਿਭਾਗ ਨੇ ਉਸ ਖ਼ਿਲਾਫ਼ ਪੁਲਸ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਮਾਲ ਅਫ਼ਸਰ ਸਰੋਜ ਅਗਰਵਾਲ ਨੇ ਥਾਣਾ ਫੂਲ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਪਿੰਡ ਭਾਈਰੂਪਾ ਦੇ ਕਿਸਾਨ ਗੁਰਦੀਪ ਸਿੰਘ ਦੀ ਜ਼ਮੀਨ ਵੀ ਵਿਭਾਗ ਵੱਲੋਂ ਐੱਨ.ਐੱਚ-7-54ਏ ਅੰਮ੍ਰਿਤਸਰ-ਜਾਮਨਗਰ ਸੜਕ ਲਈ ਐਕੁਆਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ, ਸਰਹੱਦ ਪਾਰ ਜੁੜੀਆਂ ਮਾਮਲੇ ਦੀਆਂ ਤਾਰਾਂ
ਉਕਤ ਜ਼ਮੀਨ ਦੇ ਬਦਲੇ 94,43,122 ਰੁਪਏ ਕਿਸਾਨ ਨੂੰ ਦਿੱਤੇ ਜਾਣੇ ਸਨ। ਵਿਭਾਗ ਨੇ ਗ਼ਲਤੀ ਨਾਲ ਉਕਤ ਰਕਮ ਦੀ ਬਜਾਏ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਉਕਤ ਕਿਸਾਨ ਨੂੰ ਟਰਾਂਸਫਰ ਕਰ ਦਿੱਤੇ ਗਏ। ਇਸ ਸਬੰਧੀ ਪਤਾ ਲੱਗਣ ’ਤੇ ਵਿਭਾਗ ਨੇ ਗੁਰਦੀਪ ਸਿੰਘ ਨਾਲ ਸੰਪਰਕ ਕਰ ਕੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਇਸ ’ਤੇ ਗੁਰਦੀਪ ਸਿੰਘ ਨੇ ਡੇਢ ਕਰੋੜ ਰੁਪਏ ਵਿਭਾਗ ਨੂੰ ਵਾਪਸ ਕਰ ਦਿੱਤੇ ਪਰ ਬਾਅਦ ਵਿਚ 7.81 ਕਰੋੜ ਤੋਂ ਵੱਧ ਦੀ ਬਾਕੀ ਰਾਸ਼ੀ ਅਜੇ ਤਕ ਵਾਪਸ ਨਹੀਂ ਕੀਤੀ ਗਈ। ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕਿਸਾਨ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।