ਰਣਜੋਧ ਸਿੰਘ ਹਡਾਣਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

03/02/2023 6:24:35 PM

ਪਟਿਆਲਾ (ਮਨਦੀਪ ਸਿੰਘ ਜੋਸਨ) : ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ ਇੱਥੇ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਗਏ ਸ਼ੁਕਰਾਨੇ ਬਾਅਦ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਣਜੋਧ ਸਿੰਘ ਹਡਾਣਾ ਨੂੰ ਵਧਾਈ ਦਿੱਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਡਾ. ਬਲਬੀਰ ਸਿੰਘ, ਲਾਲ ਚੰਦ ਕਟਾਰੂਚੱਕ ਤੇ ਚੇਤਨ ਸਿੰਘ ਜੌੜਾਮਾਜਰਾ, ਮੁੱਖ ਮੰਤਰੀ ਦੇ ਭੈਣ ਬੀਬਾ ਮਨਪ੍ਰੀਤ ਕੌਰ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।

ਇਹ ਵੀ ਪੜ੍ਹੋ- ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ

ਇਨ੍ਹਾਂ ਸਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਰਣਜੋਧ ਸਿੰਘ ਹਡਾਣਾ ਨੂੰ ਪਾਰਟੀ ਦਾ ਜੁਝਾਰੂ ਆਗੂ ਦਸਦਿਆਂ ਵਧਾਈ ਦਿੱਤੀ ਤੇ ਕਿਹਾ ਕਿ ਉਮੀਦ ਹੈ ਕਿ ਪੀ.ਆਰ.ਟੀ.ਸੀ. ਅਦਾਰਾ ਹੁਣ ਹੋਰ ਵੀ ਤਰੱਕੀਆਂ ਕਰੇਗਾ। ਇਸ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਖੁਰਾਕ ਤੇ ਸਿਵਲ ਸਪਲਾਈਜ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਲੀਹੋਂ ਲੱਥੇ ਪੰਜਾਬ ਨੂੰ ਲੀਹ 'ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਟਰਾਂਸਪੋਰਟ ਨੂੰ ਖੁੱਡੇ ਲਾਇਆ ਹੋਇਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਪਰਿਵਾਰਾਂ ਨੇ ਟਰਾਂਸਪੋਰਟ ਉਪਰ ਆਪਣਾ ਗਲਬਾ ਕੀਤਾ ਹੋਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜ ਕੇ ਸਰਕਾਰੀ ਅਦਾਰੇ ਕਾਮਯਾਬ ਕਰਨ ਲਈ ਅਹਿਮ ਉਪਰਾਲੇ ਕੀਤੇ ਹਨ।

ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ

ਰਣਜੋਧ ਸਿੰਘ ਹਡਾਣਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਦਿੰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜਿਸ ਤਰ੍ਹਾਂ ਖ਼ੁਦ ਆਮ ਲੋਕਾਂ 'ਚੋਂ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਨੇ ਉਸੇ ਤਰ੍ਹਾਂ ਹੀ ਲੋਕਾਂ ਤੇ ਪਾਰਟੀ ਦੀ ਸੇਵਾ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਦਾ ਮਾਣ-ਸਤਿਕਾਰ ਕਰਕੇ ਅਹਿਮ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਰੋਜ਼ਗਾਰ, ਸਿੱਖਿਆ, ਸਿਹਤ, ਬਿਜਲੀ ਆਦਿ ਨੂੰ ਆਪਣੀ ਮੁੱਖ ਤਰਜੀਹ ਬਣਾ ਕੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦਿਆਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਦਾ ਤਹੱਈਆ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਰਣਜੋਧ ਸਿੰਘ ਹਡਾਣਾ ਇਸੇ ਲੀਹ 'ਤੇ ਚਲਦੇ ਹੋਏ ਪੀ.ਆਰ.ਟੀ.ਸੀ. ਅਦਾਰੇ ਰਾਹੀਂ ਸੂਬੇ ਦੇ ਲੋਕਾਂ ਦੀ ਸੇਵਾ ਕਰਨਗੇ। ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਯਤਨ ਕਰਕੇ ਪੀ.ਆਰ.ਟੀ.ਸੀ. ਨੂੰ ਪੈਰਾਂ ਸਿਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਹਰੇਕ ਆਗੂ ਤੇ ਵਰਕਰ ਦੇ ਕੰਮ ਦੀ ਕਦਰ ਕਰਦੇ ਹਨ ਤੇ ਲੋਕਾਂ ਦੀ ਸੇਵਾ ਕਰਨ ਵਾਲਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੁੜ ਚੁੱਕੇ ਸਵਾਲ, ਟਵੀਟ ਕਰ ਕਹੀ ਵੱਡੀ ਗੱਲ

ਨਵਨਿਯੁਕਤ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਉਪਰ ਪ੍ਰਗਟਾਏ ਭਰੋਸੇ 'ਤੇ ਉਹ ਹਰ ਹਾਲ ਖਰ੍ਹਾ ਉਤਰਨਗੇ। ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਦੇ ਸੂਬਾ ਪ੍ਰਧਾਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਉਹ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਅਤੇ ਅਦਾਰੇ 'ਚ ਅਮਲੇ ਦੀ ਘਾਟ ਪੂਰੀ ਕਰਨ ਨੂੰ ਤਰਜੀਹ ਦੇਣਗੇ। ਹਡਾਣਾ ਨੇ ਭਾਵੁਕ ਹੁੰਦਿਆਂ ਆਪ ਸਰਕਾਰ 'ਚ ਰੁਤਬੇ ਨਹੀਂ ਦੇਖੇ ਜਾਂਦੇ ਸਗੋਂ ਲੋਕਾਂ ਦੀ ਸੇਵਾ ਦੇਖੀ ਜਾਂਦੀ ਹੈ ਤੇ ਪਾਰਟੀ ਵੱਲੋਂ ਦਿੱਤੀ ਵੱਡੀ ਜ਼ਿੰਮੇਵਾਰੀ ਦੇ ਹਾਣ ਦਾ ਹੋਕੇ ਨਿਭਾਉਣ ਲਈ ਉਹ ਪੂਰੀ ਕੋਸ਼ਿਸ਼ ਕਰਨਗੇ।
 ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਵਾਅਦਾ ਕਰਦਿਆਂ ਚੇਅਰਮੈਨ ਹਡਾਣਾ ਨੇ ਕਿਹਾ ਕਿ ਉਹ ਪੀ.ਆਰ.ਟੀ.ਸੀ. ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਪੀ.ਆਰ.ਟੀ.ਸੀ. ਦੇ ਐਮ.ਡੀ. ਵਿਪੁਲ ਉਜਵਲ ਨੇ ਨਵੇਂ ਚੇਅਰਮੈਨ ਦਾ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਦਾਰੇ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਲਈ ਅਦਾਰੇ ਵੱਲੋਂ ਪੂਰੀ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਦੇ ਨਾਲ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ ਤੇ ਸਾਰੇ ਜਨਰਲ ਮੈਨੇਜਰ ਵੀ ਮੌਜੂਦ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News