ਸੂਬੇ ਭਰ ਵਿਚ ਪੰਜਾਬ ਪੁਲਸ ਕਰਫਿਊ ਦੌਰਾਨ ਲੋਕਾਂ ਲਈ ਬਣੀ ਮਸੀਹਾ
Monday, Apr 06, 2020 - 11:09 AM (IST)
ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) - ਪੰਜਾਬ ਵਿਚ ਕੋਰੋਨਾ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਪੰਜਾਬ ਪੁਲਸ ਲੋਕਾਂ ਦੀ ਵੱਡੀ ਮਦਦਗਾਰ ਬਣ ਰਹੀ ਹੈ। ਪੁਲਸ ਨੇ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਦੇ ਆਦੇਸ਼ਾਂ ਤੇ ਸੂਬੇ ਭਰ ਵਿਚ ਘਰਾਂ ਵਿੱਚ ਬੈਠੇ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਪਹੁੰਚਾਉਣ ਦਾ ਤਹੀਆ ਵਿੱਢਿਆ ਹੋਇਆ ਹੈ। ਇਸ ਤਹਿਤ ਸੂਬੇ ਭਰ ਦੇ ਲੋਕਾਂ ਨੂੰ ਦਵਾਈਆਂ, ਰਾਸ਼ਨ ਅਤੇ ਹੋਰ ਸਮੱਗਰੀ ਤੋਂ ਜ਼ਰੂਰੀ ਕੰਮਾਂ ਲਈ ਆਉਣ-ਜਾਣ ਵਾਸਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਮਾਨਸਾ ਜ਼ਿਲਾ ਪੁਲਸ ਮੁੱਖੀ ਨਰਿੰਦਰ ਭਾਰਗਵ ਦੀ ਅਗਵਾਈ ਵਿਚ ਸਹੂਲਤਾਂ ਦੇ ਰਹੀ ਹੈ। ਪਿਛਲੇ ਦਿਨੀਂ ਮਾਨਸਾ ਵਿਖੇ ਆਈ.ਜੀ ਅਰੁਣ ਕੁਮਾਰ ਮਿੱਤਲ ਰੇਂਜ ਬਠਿੰਡਾ ਅਤੇ ਐੱਸ.ਐੱਸ.ਪੀ ਡਾ: ਭਾਰਗਵ ਨੇ ਘਰ-ਘਰ ਜਾ ਕੇ ਸਕੂਲ ਬੱਚਿਆਂ ਨੂੰ ਲੋੜੀਂਦੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਅਤੇ ਬੱਚਿਆਂ ਨੂੰ ਨਿਰਵਿਘਨ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕਿਹਾ ਅਤੇ ਨਾਲ ਹੀ ਪਿੰਡ ਬੁਰਜ ਢਿੱਲਵਾਂ ਵਿਖੇ ਸਰਪੰਚ ਜਗਦੀਪ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ ਮਾਨਸਾ ਨੇ ਆਈ.ਜੀ ਅਤੇ ਐੱਸ.ਐੱਸ.ਪੀ ਮਾਨਸਾ ਨੂੰ ਹਰ ਤਰ੍ਹਾਂ ਦਾ ਪੰਚਾਇਤਾਂ ਵਲੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਅਧਿਕਾਰੀਆਂ ਨੇ ਪਿੰਡ ਬੁਰਜ ਢਿੱਲਵਾਂ ਦੇ ਕੀਤੇ ਪ੍ਰਬੰਧਾਂ ਦੀ ਪ੍ਰਸ਼ੰਸਾ ਵੀ ਕੀਤੀ।
ਹਾਲਾਂਕਿ ਕੋਰੋਨਾ ਕਾਰਨ ਦੇਸ਼ ਭਰ ਵਿਚ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਪਰ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਨੇੜਿਓ ਜਾਣਨ ਲਈ ਪੰਜਾਬ ਪੁਲਸ ਡੀ.ਜੀ.ਪੀ ਸ਼੍ਰੀ ਦਿਨਕਰ ਗੁਪਤਾ ਆਈ.ਪੀ.ਐੱਸ ਦੀ ਅਗਵਾਈ ਵਿਚ ਪੱਬਾਂ ਭਾਰ ਹੈ। ਉਸ ਨੇ ਹਰ ਛੋਟੇ ਅਤੇ ਵੱਡੇ ਅਧਿਕਾਰੀ ਨੂੰ ਨਾਲ ਲੈ ਕੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਘਰ-ਘਰ ਤੱਕ ਰਾਸ਼ਨ ਸਮੱਗਰੀ ਆਦਿ ਪਹੁੰਚਾਉਣ ਦਾ ਬੀੜੀ ਚੁੱਕਿਆ ਹੈ। ਪੁਲਸ ਵਲੋਂ ਰਾਸ਼ਨ ਕਿੱਟਾਂ ਵੰਡ ਕੇ ਲੋੜਵੰਦ ਵਿਅਕਤੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਘਰ ਬੈਠੈ ਬੈਠਾਏ ਰਾਸ਼ਨ ਸਮੱਗਰੀ ਪਹੁੰਚਾਈ ਜਾ ਰਹੀ ਹੈ। ਐੱਸ.ਐੱਸ.ਪੀ ਮਾਨਸਾ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਦੇ ਆਦੇਸ਼ਾਂ ’ਤੇ ਲੋਕਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਘਰਾਂ ਵਿਚ ਰੁਕਣਾ ਬਹੁਤ ਜਰੂਰੀ ਹੈ ਪਰ ਪੁਲਸ ਸਮਝਦੀ ਹੈ ਕਿ ਆਪਣੀਆਂ ਬੁਨਿਆਦੀ ਲੋੜਾਂ ਨੂੰ ਲੈ ਕੇ ਲੋਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੁਲਸ ਹਰ ਲੋੜਵੰਦ ਵਿਅਕਤੀ ਦੇ ਘਰ ਰਾਸ਼ਨ ਆਦਿ ਸਮੱਗਰੀ ਪਹੰਚਾਉਣਾ ਜਰੂਰੀ ਬਣਾਵੇ ਅਤੇ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਇਲਾਵਾ ਜਾਗਰੂਕ ਮੁੰਹਿਮ ਤਹਿਤ ਪੁਲਸ ਲੋਕਾਂ ਨੂੰ ਘਰ-ਘਰ ਜਾ ਕੇ ਕੋਰੋਨਾ ਨਾਮੀ ਬੀਮਾਰੀ ਪ੍ਰਤੀ ਵੀ ਸੁਚੇਤ ਕਰ ਰਹੀ ਹੈ। ਇਸ ਦੇ ਤਹਿਤ ਪਿੰਡਾਂ ਵਿਚ ਪੰਚਾਇਤਾਂ, ਸਰਪੰਚਾਂ, ਪੰਚਾਂ, ਕਲੱਬਾਂ ਨੂੰ ਸਹਿਯੌਗ ਦੇਣ ਲਈ ਨਾਲ ਪੁਲਸ ਵਿਲੇਜ ਅਫਸਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਨੂੰ ਲੈ ਕੇ ਸ਼ਹਿਰ-ਸ਼ਹਿਰ ਪਿੰਡ-ਪਿੰਡ ਅਲਾਊਸਮੈਂਟ ਰਾਹੀਂ ਵੀ ਕੋਰੋਨਾ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਸੁਚੇਤ ਕਰ ਰਹੇ ਹਨ। ਇਸ ਲਈ ਜ਼ਿਲਾ ਵਾਸੀ ਆਪਣੇ ਘਰਾਂ ਵਿਚ ਰਹਿਣ।