ਦੇਸੀ ਕੱਟੇ ਤੇ ਜ਼ਿੰਦਾ ਕਾਰਤੂਸ ਸਣੇ ਫੜੇ ਗਏ 2 ਨੌਜਵਾਨ
Sunday, May 31, 2026 - 06:23 PM (IST)
ਮਹਿਲ ਕਲਾਂ (ਹਮੀਦੀ) ਜ਼ਿਲ੍ਹਾ ਬਰਨਾਲਾ ਵਿਚ ਅਪਰਾਧਿਕ ਅਨਸਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਹਿਲ ਕਲਾਂ ਪੁਲਸ ਨੂੰ ਉਸ ਸਮੇਂ ਅਹਿਮ ਸਫਲਤਾ ਹਾਸਲ ਹੋਈ ਜਦੋਂ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ .315 ਬੋਰ ਦਾ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਬਲਕੌਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਮਹਿਲ ਕਲਾਂ ਸਤਵਿੰਦਰ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਅਨਾਜ ਮੰਡੀ ਮਹਿਲ ਕਲਾਂ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਗਸਤ ਦੌਰਾਨ ਦੋ ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮਦੇ ਨਜ਼ਰ ਆਏ। ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਅਤੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵੇਂ ਵਿਅਕਤੀਆਂ ਨੇ ਭੱਜਣ ਦਾ ਯਤਨ ਕੀਤਾ। ਪੁਲਸ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਦੀ ਪਛਾਣ ਹਰਦੀਪ ਸਿੰਘ ਉਰਫ਼ ਨਿੱਕੂ ਅਤੇ ਕੁਲਦੀਪ ਸਿੰਘ ਉਰਫ਼ ਬੋਬੀ ਵਾਸੀ ਮਹਿਲ ਕਲਾਂ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ .315 ਬੋਰ ਦਾ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ. ਬਲਕੌਰ ਸਿੰਘ ਨੇ ਦੱਸਿਆ ਕਿ ਦੋਵਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤਾ ਗਿਆ ਹਥਿਆਰ ਕਿੱਥੋਂ ਪ੍ਰਾਪਤ ਕੀਤਾ ਗਿਆ ਸੀ ਅਤੇ ਇਸ ਦਾ ਕਿਸੇ ਹੋਰ ਅਪਰਾਧਿਕ ਗਤੀਵਿਧੀ ਨਾਲ ਕੋਈ ਸਬੰਧ ਤਾਂ ਨਹੀਂ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਗੈਰ-ਕਾਨੂੰਨੀ ਅਸਲੇ ਦੀ ਰੋਕਥਾਮ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੀਆਂ।
