ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਢੀਂਡਸਾ

Thursday, Aug 06, 2020 - 10:49 PM (IST)

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਢੀਂਡਸਾ

ਮੂਨਕ, (ਵਰਤੀਆ, ਸੈਣੀ)-‘‘ਪੰਜਾਬ ਸਰਕਾਰ ਵੱਲੋਂ 2 ਮਹੀਨੇ ਪਹਿਲਾਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ ’ਚ ਦੋ ਨੰਬਰ ਦੀਆਂ ਫੈਕਟਰੀਆਂ ਫੜ੍ਹੀਆਂ ਸਨ, ਜਿਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਰਕਾਰ ਦੇ ਚਹੇਤੇ ਹੋਣ ਦੇ ਨਾਤੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਉਨ੍ਹਾਂ ਵੱਡੇ-ਵੱਡੇ ਮਗਰਮੱਛਾਂ ਦਾ ਡਰ ਖਤਮ ਹੋਣ ਤੋਂ ਬਾਅਦ ਇਹੀ ਸ਼ਰਾਬ ਬਣਾਉਣ ਦਾ ਕੰਮ ਜਿਉਂ ਦਾ ਤਿਉਂ ਰਿਹਾ, ਜਿਸ ਦਾ ਨਤੀਜਾ ਅੱਜ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪੈ ਰਿਹਾ ਹੈ। ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਾਂਚ ਸੀ. ਬੀ. ਆਈ. ਜਾਂ ਕਿਸੇ ਸੀਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਨਾਜ ਮੰਡੀ ਵਿਖੇ ਅਕਾਲੀ ਦਲ ਪਾਰਟੀ (ਡ) ਦੇ ਵਰਕਰਾਂ ਦੀ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।

ਉਨ੍ਹਾਂ ਕਿਹਾ ਕਿ ਸਮਸ਼ੇਰ ਸਿੰਘ ਦੁਲੋ ਅਤੇ ਪ੍ਰਤਾਪ ਸਿੰਘ ਬਾਜਵਾ ਮੈਂਬਰਾਨ ਰਾਜ ਸਭਾ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਮੈਮੋਰੰਡਮ ਦੇ ਕੇ ਨਸ਼ਿਆਂ ਵਿਰੁੱਧ ਵਧੀਆ ਮੁੱਦਾ ਚੁੱਕਿਆ ਹੈ, ਉਸ ਮੁੱਦੇ ’ਤੇ ਕੋਈ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਪੰਜਾਬ ਦੇ ਭਲੇ ਲਈ ਹੈ ਅਤੇ ਮੁੱਦਾ ਜਾਇਜ਼ ਹੈ।

ਇਸ ਦੌਰਾਨ ਉਨ੍ਹਾਂ ਅਯੁੱਧਿਆ ’ਚ ਰਾਮ ਮੰਦਿਰ ਦੇ ਭੂਾ ਪੂਜਨ ’ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਇਕ ਰਾਸ਼ਟਰੀ ਮੁੱਦਾ ਸੀ ਜੋ ਕਿ ਮਾਣਯੋਗ ਸੁਪਰੀਮ ਕੋਰਟ ਨੇ ਸਹੀ ਫੈਸਲਾ ਸੁਣਾ ਦੇ ਕੇ ਲੋਕ ਹਿੱਤ ’ਚ ਸੁਣਾਇਆ ਹੈ।

ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ, ਸਾਬਕਾ ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗੋਇਲ, ਸਰਕਲ ਜਥੇਦਾਰ ਰਾਮਪਾਲ ਸੁਰਜਨਭੈਣੀ, ਰਣਵੀਰ ਸਿੰਘ ਦੇਹਲਾਂ, ਮਾਸਟਰ ਦਲਜੀਤ ਸਿੰਘ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।


author

Bharat Thapa

Content Editor

Related News