ਦੀਨਾਨਗਰ ਤੇ ਬਠਿੰਡਾ ''ਚ ਕੈਪਟਨ ਸਰਕਾਰ ਖਿਲਾਫ ਹੋਵੇਗਾ ਰੋਸ ਪ੍ਰਦਰਸ਼ਨ

04/25/2019 6:25:48 PM

ਖਰੜ,(ਅਮਰਦੀਪ, ਰਣਬੀਰ,) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਸੂਬਾ ਪੱਧਰੀ ਰੋਸ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਪ੍ਰਧਾਨ ਬਲਜੀਤ ਕੌਰ ਕੁਰਾਲੀ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਜਥੇਬੰਦੀ ਵਲੋਂ 28 ਅਪ੍ਰੈਲ ਨੂੰ ਸਮਾਜਿਕ ਸਿੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾ ਨਗਰ 'ਚ ਅਤੇ 1 ਮਈ ਨੂੰ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਰੋਸ ਮਾਰਚ ਕੀਤੇ ਜਾਣਗੇ। ਉਕਤ ਫੈਸਲਾ ਸੂਬਾ ਕਮੇਟੀ ਦੇ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿਚ ਲਿਆ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ/ਹੈਲਪਰਾਂ ਦਾ ਕੇਂਦਰ ਸਰਕਾਰ ਵਲੋਂ ਵਧਾਇਆ ਗਿਆ ਮਾਣ-ਭੱਤਾ ਪੰਜਾਬ ਸਰਕਾਰ ਨੱਪੀ ਬੈਠੀ ਹੈ ਜਦੋਂ ਕਿ ਅਕਤੂਬਰ 2018 ਦੌਰਾਨ ਕੇਂਦਰ ਸਰਕਾਰ ਨੇ ਵਰਕਰਾਂ/ਹੈਲਪਰਾਂ ਦਾ ਕ੍ਰਮਵਾਰ 1500 ਰੁਪਏ ਅਤੇ 750 ਰੁਪਏ ਮਾਣਭੱਤਾ ਵਧਾਇਆ ਸੀ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਰਾਸ਼ੀ ਭੇਜ ਦਿੱਤੀ ਹੈ ਪਰ 7 ਮਹੀਨੇ ਬੀਤ ਜਾਣ ਤੇ ਵੀ ਵਰਕਰਾਂ ਅਤੇ ਹੈਲਪਰਾਂ ਨੂੰ ਪੰਜਾਬ ਸਰਕਾਰ ਪੈਸੇ ਨਹੀਂ ਦੇ ਰਹੀ। ਜਿਸ ਕਰਕੇ ਜਥੇਬੰਦੀ ਨੂੰ ਹੱਕ ਲੈਣ ਲਈ ਸੰਘਰਸ਼ ਦਾ ਬਿਗਲ ਵਜਾਉਣਾ ਪਿਆ ਹੈ। ਇਸ ਮੌਕੇ ਰਣਜੀਤ ਕੌਰ ਬਲਾਕ ਪ੍ਰਧਾਨ ਖਰੜ , ਮੇਹਰ ਕੌਰ, ਮਨਜੀਤ ਕੌਰ, ਸਨਦੀਪ ਕੌਰ, ਹਰਦੀਪ ਕੌਰ, ਭਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ, ਰਾਜ ਕੁਮਾਰੀ, ਨੀਤੂ, ਸੁਰਿੰਦਰ ਕੌਰ, ਹੀਨਾ ਵੀ ਹਾਜ਼ਰ ਸਨ।

 


Related News