ਏਲਾਂਤੇ ਮਾਲ ਦੇ ਕਾਰਜਕਾਰੀ ਨਿਰਦੇਸ਼ਕ ਸਣੇ 5 ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਪੁਲਸ, ਜਾਣੋ ਕੀ ਹੈ ਮਾਮਲਾ

04/11/2022 1:20:29 PM

ਚੰਡੀਗੜ੍ਹ (ਸੁਸ਼ੀਲ) : ਏਲਾਂਤੇ ਮਾਲ ਫੂਡ ਕੋਰਟ ਦੇ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਅਤੇ ਰਸਤਾ ਬੰਦ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰਨ ਲਈ ਪੁਲਸ ਨੇ ਸਾਰੇ ਸਬੂਤ ਇਕੱਠੇ ਕਰ ਲਏ ਹਨ। ਮਾਮਲੇ ਵਿਚ ਅਹਿਮ ਸਬੂਤ ਏਲਾਂਤੇ ਮਾਲ ਦੇ ਅੰਦਰ ਫੂਡ ਫੋਰਟ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਮਿਲੇ ਹਨ। ਇਨ੍ਹਾਂ ਕੈਮਰਿਆਂ ਵਿਚ ਕੈਦ ਮੁਲਜ਼ਮ ਅਨਿਲ ਮਲਹੋਤਰਾ, ਨਿਤਿਨ, ਅਭਿਸ਼ੇਕ, ਵੈਂਕਟ ਅਤੇ ਨਿਤਿਨ ਚਤੁਰਵੇਦੀ ਸਮੇਤ ਹੋਰ ਕਰਮਚਾਰੀ ਫੂਡ ਕੋਰਟ ਦਾ ਰਸਤਾ ਬੰਦ ਕਰਦੇ ਹੋਏ ਸਾਫ਼ ਨਜ਼ਰ ਆ ਰਹੇ ਹਨ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਆਯਾਨ ਫੂਡ ਦੇ ਪਾਰਟਨਰ ਪੁਨੀਤ ਗੁਪਤਾ ਦੀ ਸ਼ਿਕਾਇਤ ’ਤੇ 1 ਅਪ੍ਰੈਲ ਨੂੰ ਏਲਾਂਤੇ ਮਾਲ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਮਲਹੋਤਰਾ, ਨਿਤਿਨ, ਅਭਿਸ਼ੇਕ, ਵੈਂਕਟ ਅਤੇ ਨਿਤਿਨ ਚਤੁਰਵੇਦੀ ਖ਼ਿਲਾਫ਼ ਧਾਰਾ 341, 342, 506 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਧਾਰਾਵਾਂ ਜ਼ਮਾਨਤੀ ਹੋਣ ਦੇ ਚਲਦੇ ਪੁਲਸ ਨੇ ਉਕਤ ਮਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।

ਇਹ ਵੀ ਪੜ੍ਹੋ :   ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ

ਆਯਾਨ ਫੂਡ ਦੇ ਪਾਰਟਨਰ ਪੁਨੀਤ ਗੁਪਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਏਲਾਂਤੇ ਮਾਲ ਦਾ ਫੂਡ ਕੋਰਟ ਨੌਂ ਸਾਲਾਂ ਤੋਂ ਕਿਰਾਏ ’ਤੇ ਲਿਆ ਹੋਇਆ ਸੀ। ਹਰ ਮਹੀਨੇ ਫੂਡ ਕੋਰਟ ਦਾ ਕਿਰਾਇਆ 30 ਲੱਖ ਰੁਪਏ ਉਹ ਕੰਪਨੀ ਨੂੰ ਦੇ ਰਹੇ ਸਨ। ਉਨ੍ਹਾਂ ਦਾ ਕਰਾਰਨਾਮਾ 31 ਮਾਰਚ, 2022 ਨੂੰ ਖ਼ਤਮ ਹੋਣਾ ਸੀ ਪਰ ਕੋਰੋਨਾ ਦੇ ਚਲਦੇ ਇਕ ਸਾਲ ਅਤੇ ਛੇ ਮਹੀਨੇ ਰੈਨੋਵੇਸ਼ਨ ਦੇ ਚਲਦੇ ਉਨ੍ਹਾਂ ਦਾ ਫੂਡ ਕੋਰਟ ਬੰਦ ਰਿਹਾ ਸੀ। ਉਨ੍ਹਾਂ ਨੇ ਫੂਡ ਕੋਰਟ ਬੰਦ ਹੋਣ ਦੇ ਬਾਵਜੂਦ ਕੰਪਨੀ ਨੂੰ ਕਿਰਾਇਆ ਦਿੱਤਾ ਸੀ। ਡੇਢ ਸਾਲ ਫੂਡ ਕੋਰਟ ਬੰਦ ਰਹਿਣ ਨੂੰ ਲੈ ਕੇ ਰਿਲੀਫ਼ ਲੈਣ ਲਈ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਜੋ ਮਾਮਲਾ ਅਜੇ ਅਦਾਲਤ ਵਿਚ ਵਿਚਾਰਅਧੀਨ ਹੈ। ਇਕ ਅਪ੍ਰੈਲ ਨੂੰ ਸਵੇਰੇ ਕਰੀਬ ਪੰਜ ਵਜੇ ਏਲਾਂਤੇ ਮਾਲ ਦੇ ਪ੍ਰਬੰਧਕ ਅਤੇ ਸਟਾਫ਼ ਨੇ ਫੂਡ ਕੋਰਟ ਦੇ ਅੱਗੇ ਪਲਾਈ ਬੋਰਡ ਲਗਾ ਕੇ ਉਸ ’ਤੇ ਫਲੈਕਸ ਲਗਾ ਕੇ ਰਸਤਾ ਬੰਦ ਕਰ ਦਿੱਤਾ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ।

ਇਹ ਵੀ ਪੜ੍ਹੋ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਐੱਸ.ਪੀ. ਸਿਟੀ ਕੇਤਨ ਬਾਂਸਲ ਅਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਫੂਡ ਕੋਰਟ ਦੇ ਅੱਗੇ ਫਲੈਕਸ ਲੱਗੀ ਹੋਈ ਮਿਲੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਸਨ। ਕੈਮਰੇ ਵਿਚ ਕਰਮਚਾਰੀ ਰਸਤਾ ਬੰਦ ਕਰਦੇ ਹੋਏ ਸਾਫ਼ ਨਜ਼ਰ ਆਏ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਏਲਾਂਤੇ ਮਾਲ ਦਾ ਕਾਰਜਕਾਰੀ ਨਿਰਦੇਸ਼ਕ ਅਨਿਲ ਮਲਹੋਤਰਾ ਛੇੜਛਾੜ ਦੇ ਮਾਮਲੇ ’ਚ ਹੋ ਚੁੱਕਿਆ ਹੈ ਗ੍ਰਿਫ਼ਤਾਰ
ਏਲਾਂਤੇ ਮਾਲ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਹੋਟਲ ਹਯਾਤ ਦੇ ਸੀ.ਈ.ਓ. ਅਨਿਲ ਮਲਹੋਤਰਾ ਨੂੰ ਪੁਲਸ ਇਕ ਔਰਤ ਦਾ ਪਿੱਛਾ ਕਰਨ, ਰਸਤਾ ਰੋਕਣ ਅਤੇ ਛੇੜਛਾੜ ਦੇ ਦੋਸ਼ ਵਿਚ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ। ਮੁਲਜ਼ਮ ਮਲਹੋਤਰਾ ਅਜੇ ਬੁੜੈਲ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੀ ਜ਼ਮਾਨਤ ’ਤੇ ਸੁਣਵਾਈ ਸੋਮਵਾਰ ਨੂੰ ਹੋਵੇਗੀ। ਔਰਤ ਦਾ ਦੋਸ਼ ਸੀ ਕਿ ਉਹ ਏਲਾਂਤੇ ਮਾਲ ਆਉਂਦੀ-ਜਾਂਦੀ ਸੀ। ਇਸ ਦੌਰਾਨ ਮੁਲਜ਼ਮ ਉਸ ਦਾ ਪਿੱਛਾ ਕਰਦਾ ਸੀ। ਇਹੀ ਨਹੀਂ ਉਸ ਦਾ ਰਸਤਾ ਰੋਕ ਕੇ ਛੇੜਛਾੜ ਕਰਦਾ ਸੀ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ
 


Harnek Seechewal

Content Editor

Related News