ਪ੍ਰਦੂਸ਼ਣ ਕਾਰਨ ਸਬਜ਼ੀਆਂ ''ਚ ਜ਼ਹਿਰੀਲੇ ਪਦਾਰਥਾਂ ਦਾ ਹੋ ਰਿਹੈ ਵਾਧਾ

Friday, Oct 12, 2018 - 03:46 PM (IST)

ਤਲਵੰਡੀ ਭਾਈ (ਪਾਲ) - ਪ੍ਰਦੂਸ਼ਣ ਨੇ ਅੱਜ-ਕੱਲ ਹਰੀਆਂ ਸਬਜ਼ੀਆਂ 'ਤੇ ਤਾਬੜ ਤੋੜ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਸਪੱਸ਼ਟ ਨਤੀਜੇ ਸ਼ਹਿਰਾਂ ਅਤੇ ਨਾਲ ਲੱਗਦੇ ਖੇਤਰਾਂ 'ਚ ਪੈਦਾ ਕੀਤੀਆਂ ਜਾ ਰਹੀਆਂ ਸਬਜ਼ੀਆਂ 'ਚ ਮੌਜੂਦ ਜ਼ਹਿਰੀਲੇ ਰਸਾਇਣਾਂ ਦੀ ਭਰਮਾਰ ਤੋਂ ਸਾਹਮਣੇ ਆ ਰਹੇ ਹਨ। ਵਿਦਵਾਨ ਤੇ ਮਾਹਿਰ ਵੀ ਇਸ ਗੱਲ ਨੂੰ ਸਵੀਕਾਰਦੇ ਹਨ ਕਿ ਪ੍ਰਦੂਸ਼ਣ ਕਾਰਨ ਸਬਜ਼ੀਆਂ 'ਚ ਜ਼ਹਿਰੀਲੇ ਪਦਾਰਥਾਂ ਦਾ ਵਾਧਾ ਹੋ ਰਿਹਾ ਹੈ। ਸ਼ਹਿਰੀ ਜਲ ਪ੍ਰਦੂਸ਼ਣ, ਫੈਕਟਰੀਆਂ ਤੇ ਮੋਟਰ ਵਾਹਨਾਂ 'ਚੋਂ ਨਿਕਲਦਾ ਧੂੰਆਂ, ਰਸਾਇਣਿਕ ਖਾਦਾਂ ਦੀ ਵਧ ਵਰਤੋਂ ਅਤੇ ਹਵਾਈ ਪ੍ਰਦੂਸ਼ਣ ਸਿੱਧੇ ਤੌਰ 'ਤੇ ਮਾਰੂ ਭੂਮਿਕਾ ਨਿਭਾਅ ਰਹੇ ਹਨ। ਇਕ ਰਿਪੋਰਟ ਅਨੁਸਾਰ ਟਮਾਟਰ, ਮੂਲੀ, ਗਾਜਰ, ਖੀਰਾ ਅਤੇ ਸੈਲਟਸ (ਸਲਾਦ) ਆਦਿ ਅੰਦਰ ਕਾਫੀ ਮਾਤਰਾ 'ਚ ਜ਼ਹਿਰੀਲੇ ਤੱਤ ਪਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਜ਼ਿੰਕ, ਲੈਡ, ਮੈਗਨੀਜ਼, ਮੋਲੀਬਡੀਅਮ ਅਤੇ ਕੈਡਮੀਅਮ ਆਦਿ ਪ੍ਰਮੁੱਖ ਹਨ। 

ਸ਼ਹਿਰਾਂ ਲਾਗੇ ਉੱਗਣ ਵਾਲੀਆਂ ਕਈ ਸਬਜ਼ੀਆਂ 'ਚ ਓਜ਼ੋਨ, ਫਲੋਰੀਨ, ਨਾਈਟਰੋਜਨ, ਆਕਸਾਈਡ ਅਤੇ ਸਲਫਰ ਡਾਈਆਕਸਾਈਡ ਵਰਗੀਆਂ ਹਵਾਈ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਗੈਸਾਂ ਮੌਜੂਦ ਹੁੰਦੀਆਂ ਹਨ। ਇਨ੍ਹਾਂ ਗੈਸਾਂ ਕਾਰਨ ਅਕਸਰ ਤੇਜ਼ਾਬੀ ਵਰਖਾ ਹੁੰਦੀ ਹੈ, ਜੋ ਬਨਸਪਤੀ ਲਈ ਜ਼ਹਿਰ ਬਰਾਬਰ ਹੈ।ਵਰਣਨਯੋਗ ਹੈ ਕਿ ਹਵਾਈ ਪ੍ਰਦੂਸ਼ਣ ਲਗਭਗ ਸਾਰੀਆਂ ਸਬਜ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਆਲੂ, ਸ਼ਕਰਕੰਦੀ, ਸ਼ਲਗਮ, ਖੀਰਾ, ਪਾਲਕ, ਮਿਰਚ, ਗੋਭੀ, ਗਾਜਰ ਅਤੇ ਮੂਲੀ 'ਤੇ ਪ੍ਰਦੂਸ਼ਣ ਦਾ ਅਸਰ ਸਭ ਤੋਂ ਵਧ ਹੁੰਦਾ ਦਿਖਾਈ ਦੇ ਰਿਹਾ ਹੈ।


Related News