ਕਿਡਨੈਪਿੰਗ ਦੀ ਫੋਨ ਕਾਲ ਨਾਲ ਪੁਲਸ ’ਚ ਮਚੀ ਹਫੜਾ-ਦਫੜੀ
Thursday, Dec 13, 2018 - 06:10 AM (IST)
ਲੁਧਿਆਣਾ,(ਰਿਸ਼ੀ, ਜ.ਬ.)- ਫਾਜ਼ਿਲਕਾ ਸਥਿਤ ਘਰ ’ਚੋਂ ਇਕ 22 ਸਾਲਾ ਲੜਕੀ ਭੱਜ ਕੇ ਲੁਧਿਆਣਾ ਪੁੱਜ ਗਈ। ਇਥੇ ਉਹ ਸਮਰਾਲਾ ਚੌਕ ਤੋਂ ਚੰਡੀਗਡ਼੍ਹ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਪਿੱਛਿਓਂ ਆਏ ਉਸ ਦੇ ਰਿਸ਼ਤੇਦਾਰ ਅਲਟੋ ਕਾਰ ’ਚ ਬਿਠਾ ਕੇ ਲੈ ਗਏ। ਲੜਕੀ ਨੂੰ ਜ਼ਬਰਦਸਤੀ ਕਾਰ ’ਚ ਬਿਠਾਉਣ ਦੀ ਗੱਲ ਨੂੰ ਕਿਡਨੈਪਿੰਗ ਸਮਝ ਕੇ ਰਾਹਗੀਰ ਨੇ ਪੁਲਸ ਕੰਟਰੋਲ ਰੂਮ ’ਤੇ ਫੋਨ ਕੀਤਾ ਜਿਸ ਤੋਂ ਬਾਅਦ 3 ਥਾਣਿਆਂ ਦੀ ਪੁਲਸ ਦੇ ਹੱਥ ਪੈਰ ਫੁਲ ਗਏ ਅਤੇ ਚੰਦ ਮਿੰਟਾਂ ਵਿਚ ਥਾਣਾ ਡਵੀਜ਼ਨ ਨੰ.7, ਥਾਣਾ ਡਵੀਜ਼ਨ ਨੰ. 3 ਅਤੇ ਥਾਣਾ ਮੋਤੀ ਨਗਰ ਦੀ ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਗਈ ਪਰ ਜਾਂਚ ਕਰਨ ’ਤੇ ਸਥਿਤੀ ਸਪੱਸ਼ਟ ਹੋ ਗਈ।
ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਕਿਸੇ ਨੇ ਕੰਟਰੋਲ ਰੂਮ ’ਤੇ ਫੋਨ ਕੀਤਾ ਕਿ ਅਲਟੋ ਕਾਰ ਵਿਚ ਲੜਕੀ ਨੂੰ 4 ਲੋਕਾਂ ਵੱਲੋਂ ਕਿਡਨੈਪ ਕਰ ਕੇ ਚੰਡੀਗਡ਼੍ਹ ਵੱਲ ਲਿਜਾ ਰਿਹਾ ਹੈ, ਫੋਨ ਕਰਨ ਵਾਲੇ ਨੇ ਪੁਲਸ ਨੂੰ ਕਾਰ ਦਾ ਨੰਬਰ ਵੀ ਦੇ ਦਿੱਤਾ। ਮੌਕੇ ’ਤੇ ਪੁੱਜੀ ਪੁਲਸ ਨੇ ਜਦ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਕਾਰ ਫਾਜ਼ਿਲਕਾ ਦੇ ਰਹਿਣ ਵਾਲੇ ਵਿਅਕਤੀ ਦੀ ਨਿਕਲੀ। ਉਸ ਨੰਬਰ ’ਤੇ ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਬੇਟੀ ਇਕ ਹਫਤਾ ਪਹਿਲਾ ਘਰੋਂ ਭੱਜ ਗਈ ਸੀ। ਉਸ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਬੇਟੀ ਦੀ ਮੋਬਾਇਲ ਲੋਕੇਸ਼ਨ ਕਾਫੀ ਸਮੇਂ ਤੋਂ ਸਮਰਾਲਾ ਚੌਕ ਨੇਡ਼ੇ ਦੀ ਆ ਰਹੀ ਸੀ, ਜਿਸ ਕਾਰਨ ਉਸ ਦਾ ਚਾਚਾ ਅੱਜ ਲੁਧਿਆਣਾ ਆਇਆ ਤੇ ਆਪਣੀ ਭਤੀਜੀ ਨੂੰ ਇਕਦਮ ਦੇਖ ਕੇ ਉਸ ਕੋਲ ਪੁੱਜਾ ਅਤੇ ਆਪਣੇ ਨਾਲ ਕਾਰ ’ਚ ਬਿਠਾ ਕੇ ਲੈ ਗਿਆ।