ਪੁਲਸ ਵਲੋਂ ਸ਼ਰਾਬ ਨਾਲ ਲੱਦਿਆ ਟਰੱਕ ਕਾਬੂ

09/17/2019 12:16:06 AM

ਸਮਰਾਲਾ, (ਗਰਗ, ਗੋਪਾਲ)— ਪੰਜਾਬ ਅੰਦਰ ਵਿਕ ਰਹੀ ਨਾਜਾਇਜ਼ ਸ਼ਰਾਬ ਖਿਲਾਫ਼ ਛੇੜੀ ਗਈ ਮੁਹਿੰਮ ਦੌਰਾਨ ਸੋਮਵਾਰ ਸਮਰਾਲਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਚੰਡੀਗੜ੍ਹ ਤੋਂ ਸਮੱਗਲਿੰਗ ਕਰ ਕੇ ਲਿਆਂਦੀ ਜਾ ਰਹੀ ਸ਼ਰਾਬ ਨਾਲ ਭਰਿਆ ਇਕ ਟਰੱਕ ਕਾਬੂ ਕਰ ਲਿਆ ਗਿਆ। ਪੁਲਸ ਨੇ ਇਸ ਦੌਰਾਨ ਟਰੱਕ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਮੁੱਢਲੀ ਪੁੱਛਗਿੱਛ 'ਚ ਇਹ ਜਾਣਕਾਰੀ ਵੀ ਹਾਸਿਲ ਕੀਤੀ ਕਿ ਚੰਡੀਗੜ੍ਹ ਤੋਂ ਲਿਆਂਦੀ ਜਾ ਰਹੀ ਇਹ ਨਾਜਾਇਜ਼ ਸ਼ਰਾਬ ਕਿੱਥੇ-ਕਿੱਥੇ ਸਪਲਾਈ ਕਰਨੀ ਸੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਸ ਨੂੰ ਸੋਮਵਾਰ ਇਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅੰਗਰੇਜ਼ੀ ਸ਼ਰਾਬ ਨਾਲ ਭਰਿਆ ਇਕ ਟਰੱਕ ਚੰਡੀਗੜ੍ਹ ਤੋਂ ਸਮਰਾਲਾ ਵੱਲ ਆ ਰਿਹਾ ਹੈ। ਪੁਲਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਇਸ ਟਰੱਕ 'ਚ ਭਰੀ ਸ਼ਰਾਬ ਨੂੰ ਸਮਰਾਲਾ ਇਲਾਕੇ 'ਚ ਸਪਲਾਈ ਕੀਤਾ ਜਾਣਾ ਹੈ। ਪੁਲਸ ਨੇ ਇਸ ਇਤਲਾਹ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਇਸ ਟਰੱਕ ਨੂੰ ਕਾਬੂ ਕਰ ਲਿਆ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ ਵੱਖ-ਵੱਖ ਮਾਰਕਿਆਂ ਦੀ ਅੰਗਰੇਜ਼ੀ ਸ਼ਰਾਬ ਦੀਆਂ 250 ਪੇਟੀਆਂ ਬਰਾਮਦ ਹੋਈਆਂ। ਪੁਲਸ ਨੇ ਟਰੱਕ ਚਾਲਕ ਪ੍ਰਸ਼ੋਤਮ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਇਸ ਟਰੱਕ 'ਚ ਚੰਡੀਗੜ੍ਹ ਤੋਂ ਸਸਤੇ ਭਾਅ ਲਿਆਂਦੀ ਗਈ ਸ਼ਰਾਬ ਪੰਜਾਬ ਅੰਦਰ ਵੇਚੀ ਜਾਣੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਧੋਖਾ ਦੇਣ ਲਈ ਟਰੱਕ 'ਤੇ ਲਿਖਿਆ ਸੀ 'ਆਰਮੀ ਡਿਊਟੀ'
ਸਥਾਨਕ ਪੁਲਸ ਵੱਲੋਂ ਅੱਜ ਕਾਬੂ ਕੀਤੇ ਗਏ ਸ਼ਰਾਬ ਨਾਲ ਭਰੇ ਟਰੱਕ ਅੱਗੇ 'ਆਰਮੀ ਡਿਊਟੀ' ਲਿਖੇ ਹੋਣ ਨੂੰ ਪੁਲਸ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਇਸ ਟਰੱਕ ਦੇ ਚਾਲਕ ਪ੍ਰਸ਼ੋਤਮ ਸਿੰਘ ਕੋਲੋਂ ਬੜੀ ਹੀ ਡੂੰਘਾਈ ਨਾਲ ਇਹ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਪੁਲਸ ਨੂੰ ਧੋਖਾ ਦੇਣ ਲਈ ਆਰਮੀ ਡਿਊਟੀ ਲਿਖੇ ਇਸ ਟਰੱਕ ਨੂੰ ਹੋਰ ਕਿਹੜੇ ਗੈਰ-ਕਾਨੂੰਨੀ ਕੰਮਾਂ ਲਈ ਤਾਂ ਨਹੀਂ ਵਰਤਿਆ ਗਿਆ ਹੈ। ਪੁਲਸ ਅਧਿਕਾਰੀ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਪੁਲਸ ਦੀਆਂ ਅੱਖਾਂ 'ਚ ਧੂੜ ਪਾਉਣ ਲਈ ਨਸ਼ਾ ਸਮੱਗਲਰ ਆਰਮੀ ਦਾ ਨਾਮ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।


KamalJeet Singh

Content Editor

Related News