ਪੁਲਸ ਨੇ ਲੁਟੇਰਾ ਗਿਰੋਹ ਦੇ 2 ਮੈਂਬਰ ਕੀਤੇ ਕਾਬੂ

02/11/2020 11:03:10 PM

ਖੰਨਾ, (ਸੁਖਵਿੰਦਰ ਕੌਰ)- ਪੁਲਸ ਜ਼ਿਲਾ ਖੰਨਾ ਵੱਲੋਂ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ 2 ਵਿਅਕਤੀਆਂ ਨੂੰ ਲੁੱਟੇ ਪੈਸਿਆਂ ਸਮੇਤ ਕਾਬੂ ਕਰ ਲਿਆ ਗਿਆ ਹੈ। ਜ਼ਿਲਾ ਪੁਲਸ ਮੁਖੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ 5 ਫਰਵਰੀ ਨੂੰ ਰਮਨਦੀਪ ਸਿੰਘ ਪੰਜਗਰਾਈਆਂ ਥਾਣਾ ਬਾਘਾਪੁਰਾਣਾ (ਮੋਗਾ) ਨੇ ਖੰਨਾ ਪੁਲਸ ਕੋਲ ਦਰਜ ਕਰਵਾਈ ਰਿਪੋਰਟ ’ਚ ਦੱਸਿਆ ਸੀ ਕਿ ਉਹ ਸੈਟਿੰਨ ਕਰੈਡਿਟ ਕੇਅਰ ਨੈੱਟਵਰਕ ਲਿਮਟਿਡ ਸਮਰਾਲਾ ਵਿਖੇ ਬਤੌਰ ਫੀਲਡ ਅਫਸਰ ਨੌਕਰੀ ਕਰਦਾ ਹੈ। ਉਹ 4 ਫਰਵਰੀ ਨੂੰ ਪਿੰਡ ਬਡਲਾ, ਜਲਣਪੁਰ, ਕੋਟਲਾ ਤੋਂ ਕਿਸ਼ਤਾਂ ਇਕੱਠੀਆਂ ਕਰ ਕੇ ਪਿੰਡ ਚਡ਼੍ਹੀ ਤੋਂ ਕੋਟਲਾ ਭਡ਼ੀ ਨੂੰ ਜਾ ਰਿਹਾ ਸੀ, ਤਾਂ ਜਦੋਂ ਉਹ ਬਾ-ਹੱਦ ਪਿੰਡ ਕੋਟਲਾ ਭਡ਼ੀ ਮੰਦਰ ਕੋਲ ਪੁੱਜਿਆ ਤਾਂ ਪਿੱਛੋਂ ਆਏ 2 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਉਸ ਦਾ ਬੈਗ ਖੋਹ ਲਿਆ, ਜਿਸ ’ਚ 78,300 ਰੁਪਏ ਸਨ, ਜਿਸ ’ਤੇ ਕਾਰਵਾਈ ਅਮਲ ’ਚ ਲਿਆਉਂਦਿਆਂ ਡੀ. ਐੱਸ. ਪੀ. ਸਮਰਾਲਾ ਹਰਿੰਦਰ ਸਿੰਘ ਅਤੇ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਥਾਣੇਦਾਰ ਸਿਕੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਚੌਕੀ ਬਰਧਾਲਾਂ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਅਤੇ ਵ੍ਹੀਕਲਾਂ ਦੀ ਚੈਕਿੰਗ ਸਬੰਧੀ ਪਿੰਡ ਕੋਟਲਾ ਭਡ਼ੀ ਲਾਗੇ ਨਾਕਾਬੰਦੀ ਕਰ ਕੇ ਜਾਣ-ਆਉਣ ਵਾਲੇ ਵਹੀਕਲਾਂ ਦੀ ਚੈਕਿੰਗ ਅਾਰੰਭ ਦਿੱਤੀ, ਇਸ ਦੌਰਾਨ ਐਤਵਾਰ ਰਾਤ ਕਰੀਬ 8 ਵਜੇ ਇਕ ਮੋਟਰਸਾਈਕਲ ਪਿੰਡ ਕੋਟਲਾ ਭਡ਼ੀ ਵੱਲ ਨੂੰ ਆਉਂਦਾ ਦਿਖਾਈ ਦਿੱਤਾ, ਜਿਸ ’ਤੇ ਉਕਤ ਰਮਨਦੀਪ ਸਿੰਘ ਦੀ ਸ਼ਨਾਖਤ ’ਤੇ ਕਥਿਤ ਮੁਲਜ਼ਮਾਂ ਤਨਵੀਰ ਸਿੰਘ ਉਰਫ ਮਿੱਠੂ ਪੁੱਤਰ ਅਮਰਜੀਤ ਸਿੰਘ ਬਿਲਾਸਪੁਰ ਥਾਣਾ ਖਮਾਣੋਂ ਅਤੇ ਵਰਿੰਦਰ ਸਿੰਘ ਉਰਫ ਕੋਬਰਾ ਪੁੱਤਰ ਸੁਰਜੀਤ ਸਿੰਘ ਵਾਸੀ ਕੋਟਲਾ ਬਡਲਾ ਥਾਣਾ ਖੇਡ਼ੀ ਨੋਧ ਸਿੰਘ (ਫਤਿਹਗਡ਼੍ਹ ਸਾਹਿਬ) ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਕਰਨ ਸਮੇਂ ਵਰਤਿਆ ਮੋਟਰਸਾਈਕਲ ਅਤੇ ਖੋਹ ਕੀਤਾ ਬੈਗ ਅਤੇ ਪੈਸੇ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਨ੍ਹਾਂ ਵੱਲੋਂ ਕੀਤੀਆਂ ਹੋਰ ਲੁੱਟ-ਖੋਹਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।


Bharat Thapa

Content Editor

Related News