ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲੇ ਭਗੌੜੇ ਤਸਕਰ ਸਮੇਤ 2 ਕਾਬੂ

Sunday, May 24, 2020 - 01:45 AM (IST)

ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲੇ ਭਗੌੜੇ ਤਸਕਰ ਸਮੇਤ 2 ਕਾਬੂ

ਮੋਗਾ, (ਆਜ਼ਾਦ)- ਪੁਲਸ ਨੇ ਪੁਲਸ ਪਾਰਟੀ ’ਤੇ ਹਮਲਾ ਕਰਨ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ’ਚ ਸ਼ਾਮਲ ਭਗੌੜੇ ਤਸਕਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਚੌਂਕੀ ਦੋਲੇਵਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਸਮੁੰਦਰ ਸਿੰਘ ਉਰਫ ਲੱਲੂ ਨਿਵਾਸੀ ਪਿੰਡ ਦੋਲੇਵਾਲਾ ਨੂੰ ਕਾਬੂ ਕੀਤਾ, ਜੋ ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਤਸਕਰ ਵੱਲੋਂ 2017 ੍’ਚ ਸੀ. ਆਈ. ਏ. ਸਟਾਫ ਮੋਗਾ ਦੀ ਪੁਲਸ ਪਾਰਟੀ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਪੁਲਸ ਪਾਰਟੀ ਉਸ ਨੂੰ ਫੜਣ ਲਈ ਪਿੰਡ ਦੋਲੇਵਾਲਾ ਗਈ। ਇਸ ਸਬੰਧ ’ਚ ਕਥਿਤ ਤਸਕਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਉਸਦੇ ਖਿਲਾਫ ਇਸ ਦੇ ਭਰਾ ਕੋਲੋਂ ਚੋਰੀ ਦੀਆਂ ਗੱਡੀਆਂ ਬਰਾਮਦ ਹੋਣ ’ਤੇ ਪੁਲਸ ਨੇ ਉਸ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਸੀ ਅਤੇ 8 ਮੁਕੱਦਮੇ ਵੱਖ-ਵੱਖ ਥਾਣਿਆਂ ’ਚ ਦਰਜ ਹਨ। ਚੌਂਕੀ ਇੰਚਾਰਜ ਨੇ ਦੱਸਿਆ ਕਿ ਕਥਿਤ ਤਸਕਰ ਪੰਜ ਮੁਕੱਦਮਿਆਂ ਵਿਚ ਭਗੌੜਾ ਸੀ। ਉਨ੍ਹਾਂ ਕਿਹਾ ਕਿ ਸਮੁੰਦਰ ਸਿੰਘ ਉਰਫ ਲੱਲੂ ਨੂੰ ਮਾਣਯੋਗ ਅਦਾਲਤ ਮੋਗਾ ਵਲੋਂ 25 ਜਨਵਰੀ 2018 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਜਿਸ ਨੂੰ ਕਾਬੂ ਕਰਨ ਉਪਰੰਤ ਪੁੱਛਗਿੱਛ ਕਰਨ ਦੇ ਬਾਅਦ ਉਸਦੇ ਖਿਲਾਫ ਥਾਣਾ ਕੋਟ ਈਸੇ ਖਾਂ ’ਚ ਮਾਣਯੋਗ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ, ਜਿਸ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਅਦਾਲਤ ਵਲੋਂ ਉਸਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਚੌਂਕੀ ਦੋਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਵਾਨਾ ਹੈ।

ਥਾਣਾ ਅਜੀਤਵਾਲ ਦੇ ਥਾਣੇਦਾਰ ਗੁਰਬਖਸ਼ ਸਿੰਘ ਨੇ ਚੋਰੀ ਅਤੇ ਅਸਲਾ ਐਕਟ ਦੇ ਮਾਮਲੇ ’ਚ ਸ਼ਾਮਲ ਬਬਲੂ ਉਰਫ ਸੁਖਦੇਵ ਸਿੰਘ ਨਿਵਾਸੀ ਪਿੰਡ ਦੌਧਰ ਸ਼ਰਕੀ ਨੂੰ ਕਾਬੂ ਕੀਤਾ, ਜਿਸ ਖਿਲਾਫ 2011 ਵਿਚ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ 27 ਜਨਵਰੀ 2015 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਪਰ ਉਹ ਪੁਲਸ ਦੇ ਕਾਬੂ ਨਹੀਂ ਸੀ ਆ ਰਿਹਾ ਜਿਸ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੇ ਬਾਅਦ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Bharat Thapa

Content Editor

Related News