ਪਿਸਟਲ, ਮੈਗਜ਼ੀਨ ਤੇ ਮਾਰੂ ਹਥਿਆਰ ਨਾਲ ਪੰਜ ਗ੍ਰਿਫਤਾਰ
Monday, May 26, 2025 - 06:07 PM (IST)

ਮਮਦੋਟ (ਧਵਨ) : ਸਮਾਜ ਵਿਰੋਧੀ ਅਨਸਰਾਂ ਖਿਲਾਫ ਛੇੜੀ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੋਇਆਂ ਮਮਦੋਟ ਪੁਲਸ ਨੇ ਸੂਚਨਾ ਮਿਲਣ 'ਤੇ ਕਾਰਵਾਈ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਲੁੱਟ-ਖੋਹ ਦੀ ਯੋਜਨਾ ਬਣਾਉਣ ਦੇ ਦੋਸ਼ ਅਧੀਨ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇਕ ਪਿਸਟਲ, ਮੈਗਜ਼ੀਨ ਅਤੇ ਹੋਰ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ। ਥਾਣਾਂ ਮਮਦੋਟ ਦੇ ਐੱਸ. ਐੱਚ. ਓ ਗੁਰਵਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਜਿਕ ਵਿਰੋਧੀਆਂ ਖਿਲਾਫ ਮੁਸਤੈਦ ਮਮਦੋਟ ਪੁਲਸ ਪਾਰਟੀ ਅੱਜ ਗਸ਼ਤ ਕਰਦੇ ਹੋਏ ਮਮਦੋਟ ਖਾਈ ਸੜਕ ਤੇ ਖਾਈ ਟੀ ਪੁਆਇੰਟ ਵੱਲ ਜਾ ਰਹੀ ਸੀ ਤਾਂ ਸੂਚਨਾਕਾਰ ਨੇ ਇਤਲਾਹ ਦਿੱਤੀ ਪੰਜ ਵਿਅਕਤੀ ਹਥਿਆਰਾਂ ਸਮੇਤ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾ ਸਕਦੇ ਹਨ।
ਐੱਸ. ਐੱਚ. ਓ. ਮੁਤਾਬਕ ਪੁਲਸ ਨੇ ਨਿਸ਼ਾਨਦੇਹੀ ਮੁਤਾਬਕ ਛਾਪੇਮਾਰੀ ਕਰਕੇ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਤਲਾਸ਼ੀ ਸਮੇਂ ਉਨ੍ਹਾਂ ਕੋਲੋਂ ਇਕ ਪਿਸਟਲ, ਇਕ ਮੈਗਜ਼ੀਨ ਅਤੇ ਹੋਰ ਵੀ ਕਈ ਮਾਰੂ ਹਥਿਆਰ ਬਰਾਮਦ ਕੀਤੇ ਗਏ ਹਨ । ਪੁਲਸ ਮੁਤਾਬਕ ਸੁਖਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਧੀਰਾ ਪੱਤਰ, ਸਾਜਨ ਪੁੱਤਰ ਸੁਖਦੇਵ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਸੁਖਦੇਵ ਸਿੰਘ, ਜਸਕਰਨ ਸਿੰਘ ਪੁੱਤਰ ਸੁਰਜੀਤ ਸਿੰਘ, ਸ਼ੇਰਕਰਨ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀਆਨ ਪਿੰਡ ਗਾਮੇ ਵਾਲਾ ਖ਼ਿਲਾਫ ਪਰਚਾ ਦਰਜ ਕਰਕੇ ਡੂੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ।