ਪੈਟਰੋਲ-ਡੀਜ਼ਲ ਦੀਆਂ ਵਧੀਆ ਕੀਮਤਾਂ ਨੇ ਉਡਾਏ ਲੋਕਾਂ ਦੇ ਹੋਸ਼
Thursday, Jun 18, 2020 - 02:40 AM (IST)

ਬਠਿੰਡਾ, (ਸੁਖਵਿੰਦਰ)- ਕੋਰੋਨਾ ਮਹਾਂਮਾਰੀ ਦਰਮਿਆਨ ਜਿੱਥੇ ਲੋਕ ਪਹਿਲਾਂ ਤੋਂ ਹੀ ਕੰਮਕਾਜ ਠੱਪ ਹੋਣ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਉੱਥੇ ਹੀ ਇਸ ਮਾਹੌਲ ’ਚ ਦਿਨ-ਬ-ਦਿਨ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਲੋਕਾਂ ਦਾ ਹੋਸ਼ ਉਡਾਏ ਹੋਏ ਹਨ। ਬਠਿੰਡਾ ’ਚ ਪੈਟਰੋਲ ਦੀ ਕੀਮਤ ’ਚ ਲਗਭਗ 6 ਰੁਪਏ ਦਾ ਵਾਧਾ ਹੋ ਗਿਆ ਹੈ ਅਤੇ ਕੀਮਤਾਂ 80 ਰੁਪਏ ਪ੍ਰਤੀ ਲੀਟਰ ਦੇ ਲਗਭਗ ਪਹੁੰਚ ਗਈਆਂ ਹਨ। ਹੁਣ ਵੀ ਕੀਮਤਾਂ ’ਚ ਵਾਧਾ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੋਰੋਨਾ ਦੀ ਮਹਾਮਾਰੀ ਕਾਰਨ ਆਰਥਿਕ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਕਰਨੀ ਚਾਹੀਦੀ ਸੀ ਪਰ ਉਲਟਾ ਸਰਕਾਰ ਆਏ ਦਿਨ ਕੀਮਤਾਂ ’ਚ ਵਾਧਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਰਹੀ ਹੈ।
ਕੋਰੋਨਾ ਸੰਕਟ ਦੇ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਜਦਕਿ ਜ਼ਿਆਦਾਤਾਰ ਲੋਕਾਂ ਦੀ ਤਨਖਾਹ ਵੀ ਕੱਟੀ ਗਈ ਹੈ। ਇਹ ਹੀ ਨਹੀਂ ਕਾਰੋਬਾਰ ਹੁਣ ਵੀ ਪਟੜੀ ਤੋਂ ਉਤਰਿਆ ਹੋਇਆ ਹੈ ਅਤੇ ਇਸ ਤਰ੍ਹਾਂ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਡੀਜ਼ਲ ਮਹਿੰਗਾ ਹੋਣ ਕਾਰਨ ਕਿਸਾਨਾਂ ਦੀ ਲਾਗਤ ਵਧ ਗਈ ਹੈ, ਜਦਕਿ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਪਹਿਲਾ ਹੀ ਪੂਰੇ ਨਹੀਂ ਮਿਲ ਰਹੇ। ਇਸ ਤਰ੍ਹਾਂ ਵਧੀਆ ਕੀਮਤਾਂ ਦਾ ਖਾਮਿਆਜਾ ਕਿਸਾਨਾਂ ਨੂੰ ਵੀ ਭੁਗਤਣਾ ਪਵੇਗਾ।
ਟੈਕਸ ਘੱਟ ਕਰੇ ਸਰਕਾਰ : ਨੀਲ ਗਰਗ
ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਡਿੱਗ ਗਈਆਂ ਹਨ ਪਰ ਕੇਂਦਰ ਸਰਕਾਰ ਲਗਾਤਾਰ ਕੀਮਤਾਂ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦਾ ਹਰ ਨਾਗਰਿਕ ਕੋਰੋਨਾ ਮਹਾਮਾਰੀ ਦੇ ਕਾਰਨ ਬੇਹੱਦ ਨਾਜ਼ੁਕ ਆਰਥਿਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ। ਪੈਟਰੋਲ-ਡੀਜ਼ਲ ਦੇ ਰੇਟ ਵਧਣ ਕਾਰਨ ਹਰ ਵਸਤੂ ਮਹਿੰਗੀ ਹੋ ਜਾਂਦੀ ਹੈ ਅਤੇ ਇਸ ਦਾ ਦੇਸ਼ ਦੇ ਹਰ ਪਰਿਵਾਰ ’ਤੇ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਟੈਕਸ ਘੱਟ ਕਰ ਕੇ ਲੋਕਾਂ ਨੂੰ ਰਾਹਤ ਦੇਵੇ।