ਜ਼ਿਲ੍ਹੇ ''ਚ ਬਾਕੀ ਰਹਿੰਦੇ ਪਿੰਡਾਂ ਦਾ ਵੀ ਪ੍ਰਬੰਧ ਮੁਕੰਮਲ ਕਰਵਾ ਕੇ ਲੋਕਾਂ ਨੂੰ ਜਲਦ ਵੰਡੀ ਜਾਵੇਗੀ ਪੈਨਸ਼ਨ: SSP

04/23/2020 11:20:59 PM

ਮਾਨਸਾ, (ਮਿੱਤਲ)- ਮਾਨਸਾ ਪੁਲਿਸ ਵੱਲੋਂ ਵਿਲੇਜ ਪੁਲਿਸ ਅਫਸਰਾ (ਵੀ.ਪੀ.ਓਜ.) ਅਤੇ ਬੈਂਕ ਕਰਮਚਾਰੀਆਂ ਰਾਹੀ ਪਿੰਡਾਂ ਅੰਦਰ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਘਰ ਘਰ ਪੈਨਸ਼ਨ ਦੇਣ ਦੀ ਮੁਹਿੰਮ 20 ਅਪ੍ਰੈਲ ਤੋਂ ਲਗਾਤਾਰ ਜਾਰੀ ਹੈ|  ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਬਜੁਰਗਾਂ, ਵਿਧਵਾਵਾਂ ਅਤੇ ਅੰਗਹੀਣ ਲਾਭਪਾਤਰੀਆਂ ਨੂੰ ਪੈਨਸ਼ਨ ਉਨ੍ਹਾਂ ਦੇ ਪਿੰਡ-ਪਿੰਡ ਗਲੀ ਮੁਹੱਲੇ ਜਾ ਕੇ ਦਿੱਤੇ ਜਾਣ ਦਾ ਪਲਾਨ ਤਿਆਰ ਕੀਤਾ ਗਿਆ ਸੀ ਜਿਸ ਸਬੰਧ ਵਿੱਚ ਵੀਪੀਓਜ਼ ਵਲੋਂ ਹਰ ਪਿੰਡ ਅਤੇ ਗਲੀ ਮੁਹੱਲੇ ਵਿੱਚ ਜਾਕੇ ਅਜਿਹੇ ਲਾਭਪਾਤਰੀਆਂ ਦੀ ਸ਼ਨਾਖਤ ਕੀਤੀ ਗਈ ਜਿੰਨ੍ਹਾਂ ਨੂੰ ਪੈਨਸ਼ਨ ਲੱਗੀ ਹੋਈ ਹੈ ਪਰ ਕਰਫਿਊ ਲੱਗਾ ਹੋਣ ਕਰਕੇ ਉਹ ਆਪਣੀ ਪੈਨਸ਼ਨ ਪ੍ਰਾਪਤ ਨਹੀਂ ਕਰ ਸਕੇ ਸਨ| ਇਸਦੇ ਨਾਲ ਹੀ ਇੱਕ ਦਿੱਕਤ ਇਹ ਵੀ ਆ ਰਹੀ ਸੀ ਕਿ ਜਦੋਂ ਇਹ ਲਾਭਪਾਤਰੀ ਆਪਣੀ ਪੈਨਸ਼ਨ ਲੈਣ ਲਈ ਬੈਂਕ ਜਾਂਦੇ ਸਨ ਤਾਂ ਉਥੇ ਇੱਕਠ ਜ਼ਿਆਦਾ ਹੋ ਜਾਂਦਾ ਸੀ ਅਤੇ ਕਰੋਨਾ ਵਾਇਰਸ ਦੀਆਂ ਸਾਵਧਾਨੀਆਂ ਜਿਵੇਂ ਕਿ ਫਿਜ਼ੀਕਲ ਸੋਸ਼ਲ ਦੂਰੀ ਅਤੇ ਸੈਨੀਟਾਈਜੇਸ਼ਨ ਆਦਿ ਦੀ ਪਾਲਣਾ ਨਹੀਂ ਹੁੰਦੀ ਸੀ| ਇਹ ਲਈ ਜਿਲ੍ਹਾ ਪੁਲਿਸ ਵੱਲੋਂ ਵੀਪੀਓਜ਼ ਅਤੇ ਬੈਂਕ ਕਰਮਚਾਰੀਆਂ ਦੇ ਸਾਂਝੇ ਉੱਦਮ ਨਾਲ ਪੈਨਸ਼ਨਰਜ਼ ਦੇ ਪਿੰਡ-ਪਿੰਡ ਗਲੀ ਮੁਹੱਲੇ ਜਾ ਕੇ ਪੈਨਸ਼ਨ ਤਕਸੀਮ ਕਰਨ ਲਈ ਇਹ ਮੁਹਿੰਮ ਚਲਾਈ ਗਈ ਸੀ ਜੋ ਤਜ਼ੀ ਨਾਲ ਚੱਲ ਰਹੀ ਹੈ| ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਇਹ ਮੁਹਿੰਮ ਸ਼ੁਰੂ ਕਰਨ ਸਮੇਂ ਤਕਰੀਬਨ 35% ਲਾਭਪਾਤਰੀਆਂ ਦੀ ਪੈਨਸ਼ਨ ਤਕਸੀਮ ਹੋਣ ਤੋਂ ਬਾਕੀ ਸੀ ਪਰ 20 ਅਪ੍ਰੈਲ ਤੋਂ ਪੁਲਿਸ ਵੱਲੋਂ ਬੈਂਕ ਕਰਮਚਾਰੀਆਂ ਦੇ ਸਹਿਯੋਗ ਨਾਲ ਸਾਂਝਾ Àੱਦਮ ਕਰਦੇ ਹੋਏ 60 ਪਿੰਡਾਂ ਦੇ ਤਕਰੀਬਨ 10 ਹਜ਼ਾਰ ਲਾਭਪਾਤਰੀਆਂ ਦੇ ਪਿੰਡ-ਪਿੰਡ ਗਲੀ ਮੁਹੱਲੇ ਜਾ ਕੇ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹੋਏ ਪੈਨਸ਼ਨ ਤਕਸੀਮ ਕੀਤੀ ਜਾ ਚੁੱਕੀ ਹੈ ਅਤੇ ਲੋੜਵੰਦਾਂ ਨੂੰ ਮੌਕਾ ਪਰ ਮਾਸਕ ਵੀ ਮੁਹੱਈਆ ਕਰਵਾਏ ਜਾ ਰਹੇ ਹਨ| ਡਾ. ਭਾਰਗਵ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਵਿੱਚ 26 ਅਪ੍ਰੈਲ (ਐਤਵਾਰ) ਤੱਕ ਸਾਰੇ ਲਾਭਪਾਤਰੀਆਂ ਨੂੰ ਪਿੰਡ ਪੱਧਰ 'ਤੇ ਪੈਨਸ਼ਨ ਤਕਸੀਮ ਕੀਤੇ ਜਾਣ ਦਾ ਟਾਰਗੈਟ ਨਿਸਚਿਤ ਕੀਤਾ ਗਿਆ ਹੈ ਜੋ ਨਿਰਧਾਰਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ| 
ਉਨ੍ਹਾਂ ਅੱਗੇ ਕਿਹਾ ਕਿ ਬਜ਼ੁਰਗ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਇੰਨ੍ਹਾਂ ਦੀ ਸਾਂਭ ਸੰਭਾਲ ਅਤੇ ਇੰਨ੍ਹਾਂ ਦੀ ਸਹੂਲਤ ਦਾ ਧਿਆਨ ਰੱਖਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ| ਉਨ੍ਹਾਂ ਕਿਹਾ ਕਿ ਵੈਸੇ ਵੀ ਇਹ ਸਮਾਜ ਦਾ ਉਹ ਅੰਗ ਹਨ ਜਿੰਨ੍ਹਾਂ ਨੂੰ ਮੌਜੂਦਾ ਮਹਾਂਮਾਰੀ ਤੋਂ ਪੀੜਿਤ ਹੋਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ| ਉਨ੍ਹਾਂ ਅਪੀਲ ਵੀ ਕੀਤੀ ਕਿ ਜਿੰਨ੍ਹਾਂ ਲਾਭਪਾਤਰੀਆਂ ਨੂੰ ਬਹੁਤ ਜ਼ਿਆਦਾ ਐਮਰਜੈਂਸੀ ਨਾ ਹੋਵੇ ਤਾਂ ਉਹ ਕਾਹਲੀ ਕਰਨ ਦੀ ਬਜਾਏ ਆਪੋ ਆਪਣੇ ਪਿੰਡ ਦੀ ਵਾਰੀ ਦਾ ਇੰਤਜ਼ਾਰ ਕਰਨ, ਕਿਉਂਕਿ ਆਉਣ ਵਾਲੇ ਐਤਵਾਰ ਤੱਕ ਸਮੂਹ ਲਾਭਪਾਤਰੀਆਂ ਨੂੰ ਪੈਨਸ਼ਨ ਉਹਨਾਂ ਦੇ ਘਰ ਘਰ ਜਾ ਕੇ ਤਕਸੀਮ ਕਰ ਦਿੱਤੀ ਜਾਵੇਗੀ|


Bharat Thapa

Content Editor

Related News