ਭਾਵਦੀਨ ਟੋਲ ਪਲਾਜ਼ਾ ''ਤੇ ਸ਼ਹੀਦ ਹੋਏ ਕਿਸਾਨ ਸੁਖਦੇਵ ਸਿੰਘ ਦੇ ਪਿੰਡ ਪਹੁੰਚਿਆ ਕਿਸਾਨ ਇਨਸਾਫ਼ ਮਾਰਚ

Wednesday, Sep 25, 2024 - 07:06 PM (IST)

ਜੈਤੋ (ਰਘੂਨੰਦਨ ਪਰਾਸ਼ਰ ) : ਭਾਰਤੀ ਕਿਸਾਨ ਏਕਤਾ ਨੇ ਕਿਸਾਨ ਅੰਦੋਲਨ ਭਾਗ-1  ਭਾਵਦੀਨ ਟੋਲ ਪਲਾਜ਼ਾ ਵਿਖੇ ਸ਼ਹੀਦ ਹੋਏ ਪਿੰਡ ਡਿੰਗ ਮੋੜ ਦੇ ਕਿਸਾਨ ਸੁਖਦੇਵ ਸਿੰਘ ਦੀ ਫੋਟੋ 'ਤੇ ਫੁੱਲਾ ਦੇ ਹਾਰ ਭੇਟ ਕਰਕੇ ਕਿਸਾਨ ਅੰਦੋਲਨ ਇੱਕ ਅਤੇ ਦੋ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਸ਼ਹੀਦ ਦੇ ਭਰਾ ਬੂਟਾ ਸਿੰਘ ਗਾਵੜੀ, ਗਗਨ ਅਤੇ ਅਮਨ (ਪੁੱਤਰ), ਪਤਨੀ ਗੁਰਮੀਤ ਕੌਰ ਵੀ ਹਾਜ਼ਰ ਸਨ।

ਔਲਖ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਸ. ਸੁਖਦੇਵ ਸਿੰਘ ਭਾਵਦੀਨ ਟੋਲ ਪਲਾਜ਼ਾ ਵਿਖੇ ਲੰਗਰ ਕਮੇਟੀ ਦੇ ਮੈਂਬਰ ਸਨ ਅਤੇ ਇਸ ਰਸਤੇ ਰਾਹੀਂ ਕਿਸਾਨ ਅੰਦੋਲਨ ਦੌਰਾਨ ਰਾਜਸਥਾਨ, ਪੰਜਾਬ ਅਤੇ ਹਰਿਆਣਾ ਤੋਂ ਆਉਣ-ਜਾਣ ਵਾਲੇ ਕਿਸਾਨਾਂ ਵਾਸਤੇ ਦਿਨ-ਰਾਤ ਚੱਲ ਰਹੀ ਲੰਗਰ ਸੇਵਾ ਦਾ ਹਿੱਸਾ ਸਨ। ਇਹ ਕਿਸਾਨ ਮੰਗੇ ਇਨਸਾਫ ਯਾਤਰਾ ਕਾਲਾਂਵਾਲੀ ਅਤੇ ਸਿਰਸਾ ਹਲਕੇ ਦੇ ਪਿੰਡ ਡਿੰਗ ਮੋੜ ਤੋਂ ਸ਼ੁਰੂ ਹੋਈ ਜੋ ਕਿ ਡਿੰਗਮੰਡੀ, ਫੁਲਕਾ, ਬਾਜੇਕਾਂ, ਨੇਜੀਆਖੇੜਾ, ਅਲੀ ਮੁਹੰਮਦ, ਸ਼ਾਹਪੁਰ ਬੇਗੂ ਤੋਂ ਹੁੰਦੇ ਹੋਏ ਪਿੰਡ ਕੰਗਣਪੁਰ ਪਹੁੰਚੇਗੀ, ਜਿਸ ਵਿਚ ਲੋਕਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ-ਮਜ਼ਦੂਰਾਂ 'ਤੇ ਹੋ ਰਹੇ ਅੱਤਿਆਚਾਰਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ 5 ਅਕਤੂਬਰ ਨੂੰ ਵੋਟਾਂ ਪਾਉਣ ਲਈ ਜਾ ਰਹੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਸ਼ੁਭਕਰਨ ਦੇ ਕਤਲ ਲਈ ਭਾਜਪਾ, ਜੇਜੇਪੀ ਅਤੇ ਇਹਨਾਂ ਨਾਲ ਮਿਲ ਕੇ ਚੋਣਾਂ ਲੜ ਰਹੀਆਂ ਪਾਰਟੀਆਂ ਜਿੰਮੇਵਾਰ ਹਨ ਅਤੇ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੀਆਂ ਪਾਰਟੀਆਂ ਨੂੰ ਸੱਤਾ ਤੋਂ ਦੂਰ ਰੱਖਿਆ ਜਾਵੇ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਔਲਖ ਨੇ ਕਿਹਾ ਕਿ ਉਹ ਸਿਆਸੀ ਲੋਕਾਂ ਅਤੇ ਪਾਰਟੀਆਂ ਤੋਂ ਗੁੰਮਰਾਹ ਹੋ ਕੇ ਆਪਸੀ ਭਾਈਚਾਰਕ ਸਾਂਝ ਨੂੰ ਨਾ ਵਿਗਾੜਨ ਕਿਉਂਕਿ ਸੱਤਾ ਦੇ ਭੁੱਖੇ ਇਨ੍ਹਾਂ ਲੋਕਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਅਤੇ ਇਹ ਸੱਤਾ ਦੀ ਕੁਰਸੀ ਨੂੰ ਹਾਸਲ ਕਰਨ ਲਈ ਕਿਸੇ ਦਾ ਵੀ ਹੱਥ ਫੜ  ਜਾਂ ਛੱਡ ਸਕਦਾ ਹਨ। 

ਔਲਖ ਨੇ ਕਿਹਾ ਕਿ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਏਜੰਡੇ ਤਹਿਤ ਹੀ ਕਿਸਾਨਾਂ ਅਤੇ ਸਿੱਖਾਂ ਵਿਰੁੱਧ ਜ਼ਹਿਰ ਉਗਲ ਰਹੀ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਲਿਖ ਕੇ ਉਸ ਨੂੰ ਦਿੱਤੀ ਗਈ ਸਕਰਿਪਟ ਦੇ ਆਧਾਰ ਉੱਪਰ ਹੀ ਉਹ ਬੋਲਦਾ ਹੈ ਜਿਨਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਕਾਰਨ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਅਤੇ ਕਿਸਾਨ 378 ਦਿਨ ਗਰਮੀ, ਠੰਢ,ਮੀਂਹ ਅਤੇ ਤੂਫ਼ਾਨ ਵਿੱਚ ਵੀ  ਦਿੱਲੀ ਦੀਆਂ ਸੜਕਾਂ 'ਤੇ ਡਟੇ ਰਹੇ ਤਾ ਆਖ਼ੀਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਦਿਆਂ ਉਹ ਤਿੰਨੋਂ ਕਾਲੇ ਖੇਤੀ ਕਾਨੂੰਨ ਰੱਦ ਕਰਨੇ ਪਏ ਅਤੇ ਹੁਣ ਭਾਜਪਾ ਦੇ ਸੰਸਦ ਮੈਂਬਰ ਵੱਲੋਂ ਉਹੀ ਕਾਨੂੰਨ ਮੁੜ ਲਾਗੂ ਕਰਨ ਦੀ ਗੱਲ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਦਾ ਅਪਮਾਨ ਹੈ। ਓਮ ਪ੍ਰਕਾਸ਼ ਝੂਰੀਆ ਨੇ ਕਿਹਾ ਕਿ ਜਿਨਾਂ ਲੋਕਾਂ ਦੇ ਕਾਰਨ ਸਾਨੂੰ ਸੜਕਾਂ 'ਤੇ 13 ਮਹੀਨੇ 13 ਦਿਨ ਰਹਿ ਕੇ ਅੰਦੋਲਨ ਲੜਨਾ ਪਿਆ ਅਤੇ ਸਾਨੂੰ ਲਾਠੀਚਾਰਜ ਦਾ ਸਾਹਮਣਾ ਕਰਨਾ ਪਿਆ ਹੁਣ ਉਨ੍ਹਾਂ ਲੋਕਾਂ ਨੂੰ ਸੱਤਾ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ। 

ਇਸ ਮੌਕੇ ਅੰਗਰੇਜ਼ ਸਿੰਘ ਕੋਟਲੀ, ਸਾਬਕਾ ਸਰਪੰਚ ਪ੍ਰੀਤ ਸੰਧੂ, ਪਰਮਜੀਤ ਲਾਲੀ ਸਾਬਕਾ ਸਰਪੰਚ, ਚਰਨਜੀਤ ਸਿੰਘ ਪੰਚ, ਧਨਵੰਤ ਸਿੰਘ ਪੰਚ, ਦੀਪ ਸੰਧੂ, ਅਮਰੀਕ ਸਿੰਘ ਪਰੂਥੀ, ਗੁਰਜੀਤ ਸਿੰਘ ਮਾਨ, ਜਸਵੰਤ ਰਾੜ, ਰਾਮ ਕੁਮਾਰ ਰਾੜ, ਡਾ. ਓਮ ਪ੍ਰਕਾਸ਼ ਝੂਰੀਆ ਡਿੰਗ, ਸਾਬਕਾ ਸਰਪੰਚ ਚੰਦਰ ਕੁਮਾਰ, ਅਮਰੀਕ ਸਿੰਘ ਬਾਜਵਾ, ਰਾਕੇਸ਼ ਭਾਭੂ, ਜਗਤਾਰ ਸਿੰਘ, ਸ਼ੀਰਾ ਸਿੰਘ, ਰਾਹੁਲ ਰਾੜ, ਪ੍ਰਤਾਪ ਆਦਿ ਕਿਸਾਨ ਅਤੇ ਆਗੂ ਹਾਜ਼ਰ ਸਨ।


Baljit Singh

Content Editor

Related News