ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੇਗੀ ਚੋਣ ਪ੍ਰਕਿਰਿਆ : ਡੀ. ਐੱਸ. ਪੀ. ਭੁੱਲਰ

Tuesday, Jan 24, 2017 - 04:25 PM (IST)

 ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੇਗੀ ਚੋਣ ਪ੍ਰਕਿਰਿਆ : ਡੀ. ਐੱਸ. ਪੀ. ਭੁੱਲਰ

ਫ਼ਿਰੋਜ਼ਪੁਰ (ਕੁਲਦੀਪ) - ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਚੋਣ ਪ੍ਰਕਿਰਿਆ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਫਿਰੋਜ਼ਪੁਰ ਪੁਲਸ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ। ਨਾਗਰਿਕਾਂ ਦੀ ਸੁਰੱਖਿਆ ਸਾਡੇ ਲਈ ਪਹਿਲਾ ਤੇ ਮੁੱਖ ਮੁੱਦਾ ਹੋਵੇਗਾ। ਇਹ ਪ੍ਰਗਟਾਵਾ ਕਰਦਿਆਂ ਫਿਰੋਜ਼ਪੁਰ ਦਿਹਾਤੀ ਇਲਾਕੇ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦਿਹਾਤੀ ਖੇਤਰ ''ਚ ਚਾਰ ਪੁਲਸ ਸਟੇਸ਼ਨ ਪੈਂਦੇ ਹਨ। ਇਨ੍ਹਾਂ ਅਧੀਨ ਆਉਂਦੇ ਇਲਾਕਿਆਂ ''ਚ 6863 ਲੋਕਾਂ ਕੋਲ ਹਥਿਆਰ ਹਨ, ਜਿਨ੍ਹਾਂ ''ਚੋਂ ਜ਼ਿਆਦਾਤਰ ਨੇ ਹਥਿਆਰ ਜਮ੍ਹਾ ਕਰਵਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਕੁਲਗੜ੍ਹੀ ਸਮੇਤ ਥਾਣਾ ਮੱਲਾਂ ਵਾਲਾ ਦੇ ਕੁਝ ਪਿੰਡਾਂ ਦੇ ਲੋਕ ਜੋ ਜਾਣਕਾਰੀ ਦੀ ਘਾਟ ਕਾਰਨ ਹਥਿਆਰ ਜਮ੍ਹਾ ਨਹੀਂ ਕਰਵਾ ਸਕੇ, ਉਨ੍ਹਾਂ ਨਾਲ ਵੀ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ''ਚ ਸਥਾਨਕ ਪੁਲਸ ਫੋਰਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵੀ ਸਾਡੇ ਕੋਲ ਪਹੁੰਚ ਚੁੱਕੀਆਂ ਹਨ, ਜੋ ਆਉਣ ਵਾਲੇ ਦਿਨਾਂ ''ਚ ਹੋਰ ਵਧਣ ਦੀ ਉਮੀਦ ਹੈ। ਸਾਰੇ ਬਲਾਂ ਦੀ ਆਮਦ ਨੂੰ ਮੁੱਖ ਰੱਖ ਕੇ ਪ੍ਰਬੰਧ ਕੀਤੇ ਗਏ ਹਨ। ਦਿਹਾਤੀ ਹਲਕੇ ''ਚ 180 ਪੋਲਿੰਗ ਸੈਂਟਰ ਹਨ, ਜਿਨ੍ਹਾਂ ''ਤੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧਾਂ ਨੂੰ ਧਿਆਨ ''ਚ ਰੱਖ ਕੇ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਨਵੇਂ ਆਏ ਜ਼ਿਲਾ ਪੁਲਸ ਮੁਖੀ ਮਿਹਨਤੀ ਤੇ ਈਮਾਨਦਾਰ ਅਫਸਰ ਹਨ, ਜਿਨ੍ਹਾਂ ਦੀ ਯੋਗਤਾ ''ਤੇ ਤਜਰਬੇ ਦਾ ਲਾਭ ਨਵੇਂ ਪੁਲਸ ਅਫਸਰ ਲੈਣਗੇ।

Related News