ਬਰਸਾਤੀ ਮੌਸਮ ਕਾਰਣ ਘੱਗਰ ਦਰਿਆ ਤੇ ਡਰੇਨਾਂ ''ਤੇ ਲਗਾਤਾਰ ਤਿੱਖੀ ਨਜ਼ਰ ਰੱਖਣ ਦੇ ਹੁਕਮ

Tuesday, Jul 30, 2019 - 08:49 PM (IST)

ਬਰਸਾਤੀ ਮੌਸਮ ਕਾਰਣ ਘੱਗਰ ਦਰਿਆ ਤੇ ਡਰੇਨਾਂ ''ਤੇ ਲਗਾਤਾਰ ਤਿੱਖੀ ਨਜ਼ਰ ਰੱਖਣ ਦੇ ਹੁਕਮ

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ, ਬੇਦੀ, ਹਰਜਿੰਦਰ)-ਇਨ੍ਹੀਂ ਦਿਨੀਂ ਪੈ ਰਹੇ ਮੀਂਹ ਕਾਰਣ ਘੱਗਰ ਦਰਿਆ ਅਤੇ ਬਰਸਾਤੀ ਨਾਲਿਆਂ 'ਤੇ ਵਧੇਰੇ ਚੌਕਸੀ ਰੱਖੇ ਜਾਣ ਦੇ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਵਿਭਾਗੀ ਪੱਧਰ 'ਤੇ ਆਪਸੀ ਤਾਲ-ਮੇਲ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਭਾਵੀ ਸਥਿਤੀ ਨਾਲ ਫੌਰੀ ਯੋਜਨਾਬੱਧ ਢੰਗ ਨਾਲ ਨਜਿੱਠਿਆ ਜਾ ਸਕੇ। ਨਗਰ ਸੁਧਾਰ ਟਰੱਸਟ ਵਿਖੇ ਸਬ-ਡਵੀਜ਼ਨ ਮੂਨਕ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਪਿਛਲੇ ਦਿਨੀਂ ਮੂਨਕ ਦੇ ਪਿੰਡ ਫੂਲਦ ਵਿਖੇ ਘੱਗਰ ਦਰਿਆ 'ਚ ਪਏ ਪਾੜ ਕਾਰਣ ਜਿਨ੍ਹਾਂ ਪਿੰਡਾਂ 'ਚ ਪਾਣੀ ਆਉਣ ਕਾਰਣ ਫ਼ਸਲਾਂ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਪਿੰਡਾਂ ਦੇ ਵਾਸੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਅਤੇ ਗ੍ਰਾਮ ਪੰਚਾਇਤਾਂ ਆਦਿ ਨਾਲ ਤਾਲ-ਮੇਲ ਰੱਖ ਕੇ ਦਰਪੇਸ਼ ਸਮੱਸਿਆਵਾਂ ਨੂੰ ਦੂਰ ਕਰਨ ਲਈ ਢੁੱਕਵੇਂ ਕਦਮ ਪੁੱਟੇ ਜਾਣ।

ਉਨ੍ਹਾਂ ਨੇ ਡਰੇਨੇਜ ਵਿਭਾਗ ਦੇ ਐਕਸੀਅਨ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਮਕਰੋੜ ਸਾਹਿਬ ਤੋਂ ਕੜੈਲ ਪਿੰਡ ਤੱਕ ਘੱਗਰ ਦਰਿਆ ਦੇ ਨਾਲ-ਨਾਲ ਬੰਨ੍ਹਾਂ ਦੀ ਮਜ਼ਬੂਤੀ ਦਾ ਲਗਾਤਾਰ ਜਾਇਜ਼ਾ ਲਿਆ ਜਾਵੇ ਅਤੇ ਕੋਈ ਵੀ ਕਮੀ ਸਾਹਮਣੇ ਆਉਣ 'ਤੇ ਫੌਰੀ ਮੁਰੰਮਤ ਨੂੰ ਅਮਲ 'ਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਬਰਸਾਤਾਂ ਤੋਂ ਪਹਿਲਾਂ ਜੋ ਘੱਗਰ ਦਰਿਆ ਦੇ ਦੋਵੇਂ ਪਾਸੇ ਬਣੇ ਬੰਨ੍ਹਾਂ 'ਤੇ 76 ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਗਈ ਸੀ, ਉਨ੍ਹਾਂ ਦਾ ਦੁਬਾਰਾ ਨਿਰੀਖਣ ਕੀਤਾ ਜਾਵੇ ਅਤੇ ਇਸ ਸਬੰਧੀ ਕੋਈ ਕਮੀ ਸਾਹਮਣੇ ਆਉਣ 'ਤੇ ਕਮਜ਼ੋਰ ਸਥਾਨਾਂ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ-ਡਵੀਜ਼ਨ ਮੂਨਕ ਦੇ ਪਿੰਡ ਮਕਰੋੜ ਸਾਹਿਬ ਤੋਂ ਕੜੈਲ ਤੱਕ ਘੱਗਰ ਦਰਿਆ ਦੇ ਬੰਨ੍ਹ ਨੂੰ 20-20 ਫੁੱਟ ਮਜ਼ਬੂਤ ਕਰਨ ਲਈ ਕਰੀਬ 17 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਸਤਾਵ ਡਰੇਨੇਜ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਐੱਸ.ਡੀ.ਐੱਮ. ਮੂਨਕ ਨੂੰ ਕਿਹਾ ਗਿਆ ਹੈ ਕਿ ਘੱਗਰ ਦਰਿਆ ਦੇ ਦੋਵੇਂ ਪਾਸੇ ਲੱਗਦੀ 20-20 ਫੁੱਟ ਜ਼ਮੀਨ ਦੇ ਮਾਲਕਾਂ ਦਾ ਵੇਰਵਾ ਇਕੱਤਰ ਕਰ ਕੇ ਜ਼ਮੀਨ ਦੇ ਮਾਲਕਾਂ ਪਾਸੋਂ 20-20 ਫੁੱਟ ਜ਼ਮੀਨ ਸਰਕਾਰ ਨੂੰ ਮੁਫ਼ਤ ਤਬਦੀਲ ਕਰਨ ਲਈ ਸਬੰਧਤ ਕਿਸਾਨਾਂ ਦੀ ਸਹਿਮਤੀ ਲਈ ਜਾਵੇ ਅਤੇ ਤਰਜੀਹ ਦੇ ਆਧਾਰ 'ਤੇ ਇਸ ਦੀ ਰਿਪੋਰਟ ਭੇਜੀ ਜਾਵੇ ਤਾਂ ਜੋ ਅਗਲੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਸਕੇ।

ਉਨ੍ਹਾਂ ਨੇ ਕਾਰਜਸਾਧਕ ਅਫ਼ਸਰ ਮੂਨਕ ਤੇ ਖਨੌਰੀ ਸਮੇਤ ਹੋਰ ਅਧਿਕਾਰੀਆਂ ਤੋਂ ਵੀ ਜਾਇਜ਼ਾ ਲਿਆ ਅਤੇ ਸ਼ਹਿਰੀ ਹਿੱਸਿਆਂ 'ਚ ਪਾਣੀ ਤੋਂ ਬਚਾਅ ਸਬੰਧੀ ਸਮੇਂ ਸਿਰ ਢੁੱਕਵੇਂ ਕਦਮ ਪੁੱਟਣ ਦੀ ਹਦਾਇਤ ਕੀਤੀ। ਉਨ੍ਹਾਂ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਵਰਕਰਾਂ ਸਬੰਧੀ ਸੂਚੀਆਂ ਰੱਖੀਆਂ ਜਾਣ ਅਤੇ ਬੰਨ੍ਹਾਂ ਦੀ ਮਜ਼ਬੂਤੀ ਸਮੇਂ ਲੋੜ ਮੁਤਾਬਕ ਮਗਨਰੇਗਾ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾਣ। ਥੋਰੀ ਨੇ ਪਹਿਲਾਂ ਵਾਂਗ ਬੋਰੀਆਂ, ਤਾਰਾਂ ਸਮੇਤ ਹੋਰ ਰਾਹਤ ਸਮੱਗਰੀ ਨੂੰ ਇਕੱਤਰ ਕਰ ਕੇ ਰੱਖਣ ਲਈ ਵੀ ਆਖਿਆ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐੱਸ. ਡੀ. ਐੱਮ. ਸੂਬਾ ਸਿੰਘ, ਐਕਸੀਅਨ ਕੁਲਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।


author

Karan Kumar

Content Editor

Related News