ਛੱਪੜਾਂ ਦੇ ਪਾਣੀ ਦੀ ਨਿਕਾਸੀ ਦਾ 250 ਤੋਂ ਵੱਧ ਪਿੰਡਾਂ ’ਚ ਨਹੀਂ ਕੋਈ ਹੱਲ
Monday, Oct 22, 2018 - 05:47 AM (IST)

ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿੱਥੇ ਸਮੇਂ-ਸਮੇਂ ’ਤੇ ਰਾਜ ਕਰਨ ਵਾਲੀਆਂ ਸੂਬਾ ਸਰਕਾਰਾਂ ਵੱਲੋਂ ਪੇਂਡੂ ਖ਼ੇਤਰ ਦੇ ਵਸਨੀਕਾਂ ਨੂੰ ਆਲ੍ਹਾ ਮਿਆਰੀ ਦਰਜੇ ਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਅਜੇ ਵੀ ਪਿੰਡਾਂ ਦੇ ਆਮ ਲੋਕ ਬਣਦੀਆਂ ਸਹੂਲਤਾਂ ਹਾਸਲ ਕਰਨ ਲਈ ਸਰਕਾਰਾਂ ਮੂਹਰੇ ਝੋਲੀ ਅੱਡੀ ਖਡ਼੍ਹੇ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿੱਧਰੋਂ ਵੀ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
‘ਜਗ ਬਾਣੀ’ ਵੱਲੋਂ ਜ਼ਿਲੇ ਭਰ ਦੇ 343 ਪਿੰਡਾਂ ਦੀਆਂ ਸਮੱਸਿਆਵਾਂ ਜਾਣਨ ਸਬੰਧੀ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਵਿਚ ਸਭ ਤੋਂ ਅਹਿਮ ਸਮੱਸਿਆਵਾਂ ਪਿੰਡਾਂ ਵਿਚ ਗੰਦੇ ਪਾਣੀ ਦੇ ਨਿਕਾਸ ਦੀਆਂ ਉੱਭਰ ਕੇ ਸਾਹਮਣੇ ਆਈਆਂ ਹਨ। ਗੰਦੇ ਪਾਣੀ ਦੀ ਨਿਕਾਸੀ ਦਾ ਲਗਭਗ 250 ਤੋਂ ਵੀ ਵੱਧ ਪਿੰਡਾਂ ਵਿਚ ਕੋਈ ਠੋਸ ਹੱਲ ਨਹੀਂ ਹੈ। ਜਾਣਕਾਰੀ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਪਾਣੀ ਦੀ ਨਿਕਾਸੀ ਦੇ ਹੱਲ ਲਈ ਸੀਵਰੇਜ ਦੀਆਂ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ, ਉਨ੍ਹਾਂ ’ਚ ਸਰਕਾਰ ਦੀ ਰਹਿਮਤ ਤਾਂ ਕੋਈ ਨਹੀਂ ਹੈ ਸਗੋਂ ਇਨ੍ਹਾਂ ਪਿੰਡਾਂ ਦੀਆਂ ਚੇਤੰਨ ਗ੍ਰਾਮ ਪੰਚਾਇਤਾਂ ਅਤੇ ਪਿੰਡਾਂ ਦੇ ਵਾਸੀਆਂ ਨੇ ਆਪਣੇ ਪੱਧਰ ’ਤੇ ਹੀ ਹੰਭਲਾ ਮਾਰ ਕੇ ਪਿੰਡਾਂ ਦੀ ਦਿੱਖ ਸੰਵਾਰੀ ਹੈ।
ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਜ਼ਿਲੇ ਭਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਮੋਗਾ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਖ਼ੇਤਰ ਦੇ ਪਿੰਡਾਂ ’ਚ ਇਕੋ ਜਿਹੀ ਹੀ ਦੇਖਣ ਨੂੰ ਮਿਲ ਰਹੀ ਹੈ। ਜ਼ਿਲੇ ਦੇ ਵੱਡੇ ਪਿੰਡ ਭਿੰਡਰ ਕਲਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਹੱਲ ਨਾ ਹੋਣ ਕਰਕੇ ਪਿੰਡ ਦੇ ਛੱਪੜ ਦਾ ਪਾਣੀ ਅਕਸਰ ਹੀ ਓਵਰਫਲੋਅ ਹੋ ਕੇ ਸਡ਼ਕਾਂ ’ਤੇ ਆ ਜਾਂਦਾ ਹੈ। ਇਸ ਤਰ੍ਹਾਂ ਦੀ ਸਥਿਤੀ ਬਣਨ ਕਰ ਕੇ ਛੱਪਡ਼ ਦੇ ਆਲੇ-ਦੁਆਲੇ ਦੀਆਂ ਸਡ਼ਕਾਂ ਤਾਂ ਟੁੱਟ ਹੀ ਰਹੀਆਂ ਹਨ ਸਗੋਂ ਛੱਪਡ਼ ਦੀ ਬਦਬੂ ਬੀਮਾਰੀਆਂ ਨੂੰ ਵੀ ਸੱਦਾ ਦੇ ਰਹੀ ਹੈ। ਪਿੰਡ ਵਾਸੀ ਦੱਸਦੇ ਹਨ ਕਿ ਭਾਵੇਂ ਛੱਪਡ਼ ਦੀ ਨਿਕਾਸੀ ਲਈ ਆਰਜ਼ੀ ਮੋਟਰ ਤਾਂ ਲਾਈ ਜਾਂਦੀ ਹੈ ਪਰ ਅਕਸਰ ਛੱਪਡ਼ ਦਾ ਪਾਣੀ ਓਵਰਫਲੋਅ ਹੋਣ ਕਰਕੇ ਸਮੱਸਿਆਵਾਂ ਵੱਧ ਜਾਂਦੀਆਂ ਹਨ। ਪਿੰਡ ਤਖਤੂਪੁਰਾ ਸਾਹਿਬ ਦੇ ਧੂਡ਼ਕੋਟ ਰਣਸੀਹ ਰੋਡ ’ਤੇ ਸਥਿਤ ਛੱਪਡ਼ ਦੀ ਸਮੱਸਿਆ ਵੀ ਵਰ੍ਹਿਆਂ ਪੁਰਾਣੀ ਹੈ, ਬਰਸਾਤੀ ਦਿਨਾਂ ’ਚ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਓਵਰਫਲੋਅ ਹੋ ਕੇ ਛੱਪਡ਼ ਦਾ ਪਾਣੀ ਸਡ਼ਕਾਂ ’ਤੇ ਆ ਕੇ ਘਰਾਂ ਵਿਚ ਦਾਖਲ ਹੁੰਦਾ ਹੈ ਤਾਂ ਉਦੋਂ ਸਰਕਾਰੀ ਪੱਧਰ ’ਤੇ ਇਸ ਦੇ ਹੱਲ ਲਈ ਦਾਅਵੇ ਹੁੰਦੇ ਹਨ ਪਰ ਬਾਅਦ ਵਿਚ ਫਿਰ ਪਰਨਾਲਾ ਉੱਥੇ ਦਾ ਉੱਥੇ ਆ ਜਾਂਦਾ ਹੈ।
ਗੰਦੇ ਪਾਣੀ ਦੀ ਨਿਕਾਸੀ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਗੰਭੀਰ ਹੋਣ ਦੀ ਲੋਡ਼ : ਬੀਡ਼ ਰਾਊਕੇ
ਜ਼ਿਲਾ ਮੋਗਾ ਦੇ ਪਿੰਡ ਬੀਡ਼ ਰਾਊਕੇ ਦੇ ਸਾਬਕਾ ਪੰਚ ਅਤੇ ਸੀਨੀਅਰ ਆਗੂ ਗੁਰਚਰਨ ਸਿੰਘ ਬੀਡ਼ ਰਾਊਕੇ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡਾਂ ਵਿਚ ਗੰਦੇ ਪਾਣੀ ਦੀ ਨਿਕਾਸੀ ਸੱਚਮੁੱਚ ਗੰਭੀਰ ਸਮੱਸਿਆ ਹੈ, ਜਿਸ ਦੇ ਹੱਲ ਲਈ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਗੰਭੀਰ ਹੋਣ ਦੀ ਲੋਡ਼ ਕਿਉਂਕਿ ਜੇਕਰ ਇਸ ਸਮੱਸਿਆ ਦੇ ਹੱਲ ਲਈ ਗੰਭੀਰਤਾ ਨਾ ਦਿਖਾਈ ਤਾਂ ਭਵਿੱਖ ਵਿਚ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਹਰ ਪੰਚਾਇਤ ਚੁੱਕੇ ਕਦਮ : ਕੁਲਵੰਤ ਸਿੰਘ
ਪਿੰਡ ਰਾਊਕੇ ਕਲਾਂ ਦੇ ਨੌਜਵਾਨ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਜ਼ਿਲਾ ਮੋਗਾ ਦੇ ਪਿੰਡ ਰਣਸੀਹ ਕਲਾਂ ਦੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਮਿੰਟੂ ਨੇ ਜਿਸ ਤਰ੍ਹਾਂ ਆਪ ਨਗਰ ’ਚੋਂ ਪੈਸੇ ਇਕੱਠੇ ਕਰ ਕੇ ਦਿਨ-ਰਾਤ ਮਿਹਨਤ ਕਰਦਿਆਂ ਆਪਣੇ ਹੱਥੀਂ ਪਿੰਡ ਵਿਚ ਸੀਵਰੇਜ ਪਾਇਆ ਹੈ, ਉਸੇ ਤਰ੍ਹਾਂ ਜ਼ਿਲਾ ਮੋਗਾ ਦੇ ਹਰ ਪਿੰਡ ਦੀ ਪੰਚਾਇਤ ਨੂੰ ਸਮੁੱਚੇ ਨਗਰ ਨੂੰ ਨਾਲ ਲੈ ਕੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ’ਚੋਂ ਇਸ ਸਮੱਸਿਆ ਦਾ ਖ਼ਾਤਮਾ ਹੋ ਸਕੇ।
ਛੱਪਡ਼ਾਂ ਨੂੰ ਮੱਛੀ ਪਾਲਣ ਲਈ ਵਰਤੋਂ ’ਚ ਲਿਆਉਣ ਦੀ ਲੋਡ਼
ਚੇਤੰਨ ਬੁੱਧੀਜੀਵੀ ਵਰਗ ਨੇ ਇਹ ਮੰਗ ਵੀ ਕੀਤੀ ਹੈ ਕਿ ਪਿੰਡਾਂ ਦੇ ਗੰਦੇ ਛੱਪਡ਼ਾਂ ਦੀ ਸਫ਼ਾਈ ਕਰਵਾ ਕੇ ਇਨ੍ਹਾਂ ਨੂੰ ਮੱਛੀ ਪਾਲਣ ਲਈ ਵਰਤੋਂ ਵਿਚ ਲਿਆਉਣ ਦੀ ਲੋਡ਼ ਹੈ ਕਿਉਂਕਿ ਇਸ ਤਰ੍ਹਾਂ ਨਾਲ ਜਿੱਥੇ ਛੱਪਡ਼ਾਂ ਵੱਲੋਂ ਫੈਲਾਇਆ ਜਾ ਰਿਹਾ ਪ੍ਰਦੂਸ਼ਣ ਤਾਂ ਘੱਟ ਹੋਵੇਗਾ ਹੀ ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਭਾਵੇਂ ਸਰਕਾਰ ਨੇ ਪਿਛਲੇ ਕੁੱਝ ਸਮੇਂ ਤੋਂ ਇਹ ਬੀਡ਼ਾ ਚੁੱਕਿਆ ਸੀ ਪਰ ਫਿਰ ਵੀ ਇਸ ਮੁਹਿੰਮ ਨੂੰ ਹਰ ਪਿੰਡ ਤੱਕ ਪਹੁੰਚਾਉਣ ਦੀ ਲੋਡ਼ ਹੈ।