ਨਿਹਾਲ ਸਿੰਘ ਵਾਲਾ ’ਚ ਕਾਂਗਰਸ ਨੂੰ ਵੱਡਾ ਝਟਕਾ, ਕੋਕਰੀ ਹੇਰਾਂ ਦੀ ਮੌਜੂਦਾ ਸਰਪੰਚ ਅਕਾਲੀ ਦਲ ’ਚ ਸ਼ਾਮਲ
Thursday, May 20, 2021 - 12:05 PM (IST)
ਮੋਗਾ (ਗੋਪੀ ਰਾਊਕੇ) - ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਲਕਾ ਨਿਹਾਲ ਸਿੰਘ ਵਾਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੀ ਟੀਮ ਦੀ ਮਿਹਨਤ ਦਾ ਨਤੀਜਾ ਕਿ ਹਲਕੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਕਾਲੀ ਦਲ ਦੀ ਸਥਿਤੀ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਇਹੋ ਕਾਰਦ ਹੈ ਕਿ ਹਲਕੇ ਦੇ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਆਗੂ ’ਤੇ ਵਰਕਰ ਧੜਾ-ਧੜ ਵਿਰੋਧੀ ਪਾਰਟੀਆਂ ਨੂੰ ਫਤਿਹ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹ ਰਹੇ ਹਨ। ਅੱਜ ਹਲਕੇ ਦੇ ਪਿੰਡ ਕੋਕਰੀ ਹੇਰਾਂ ਦੇ ਪੁਰਾਣੇ ਕਾਂਗਰਸੀ ਪਰਿਵਾਰ ਨਾਲ ਸਬੰਧਿਤ ਮੌਜੂਦਾ ਸਰਪੰਚ ਬੀਬੀ ਜਸਵੀਰ ਕੌਰ ਨੇ ਮੋਗਾ ਵਿਖੇ ਹਲਕਾ ਇੰਚਾਰਜ਼ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਰਪੰਚ ਨਿਰੰਜਣ ਸਿੰਘ ਕੋਕਰੀ ਅਤੇ ਯੂਥ ਆਗੂ ਬਲਜੀਤ ਸਿੰਘ ਬੱਲੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਹੋਏ ਪ੍ਰਧਾਨ ਸਾਹੋਕੇ ਨੇ ਕਿਹਾ ਕਿ ਜਿਹੜੀ ਕਾਂਗਰਸ ਸਰਕਾਰ ਦੇ ਆਗੂਆਂ ਦਾ ਆਪਸ ਵਿੱਚ ਕਾਟੋ ਕਲੇਸ ਚੱਲ ਰਿਹਾ ਹੈ। ਉਨ੍ਹਾਂ ਤੋਂ ਭਲੇ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਨਣਾ ਤੈਅ ਹੈ ਅਤੇ ਇਹੋ ਕਾਰਣ ਹੈ ਕਿ ਵਿਰੋਧੀ ਪਾਰਟੀ ਦੇ ਆਗੂ ਧੜਾਧੜ ਸ਼੍ਰੋਮਣੀ ਅਕਾਲੀ ਦਲ ਵਿਚ ਸਮੂਲੀਅਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਨਵੇਂ ਸ਼ਾਮਲ ਹੋਣ ਵਾਲੇ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸਰਪੰਚ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਹਲਕੇ ਵਿੱਚ ਟਕਸਾਲੀ ਕਾਂਗਰਸੀਆਂ ਦੀ ਕੋਈ ਦੱਸ ਪੁੱਛ ਨਹੀਂ ਹੈ ਅਤੇ ਇਹੋ ਕਾਰਣ ਹੈ ਕਿ ਉਨ੍ਹਾਂ ਅਕਾਲੀ ਦਲ ਦਾ ਪੱਲਾ ਫੜਿਆ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਸਰਗਰਮੀਆਂ ਤੇਜ਼ ਕਰਨਗੇ। ਇਸ ਮੌਕੇ ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰਾਜਾ ਸਾਬਕਾ ਸਰਪੰਚ, ਮੈਬਰ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਪਾਰਟੀ ਆਗੂ ’ਤੇ ਵਰਕਰ ਹਾਜ਼ਰ ਸਨ।