7 ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝੀ

01/12/2019 12:55:37 AM

ਮਾਲੇਰਕੋਟਲਾ, (ਯਾਸੀਨ)- ਥਾਣਾ ਸਿਟੀ-2 ਵਿਖੇ ਦਸੰਬਰ 2012 ’ਚ ਹੋਏ ਮੁਹੰਮਦ ਸ਼ਕੀਲ ਪੁੱਤਰ ਸਵ. ਮੁਹੰਮਦ ਸੁਲੇਮਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਆਸੀਆ ਅਤੇ ਉਸ ਦੇ ਮੌਜੂਦਾ ਪਤੀ ਅਤੇ ਉਸ ਸਮੇਂ ਦੇ ਪ੍ਰੇਮੀ ਮੁਹੰਮਦ ਅਰਸ਼ਦ ਇਤਰ ਵਾਲਾ ਪੁੱਤਰ ਸਲਾਮਦੀਨ ਵਾਸੀ ਨਵਾਬ ਕਾਲੋਨੀ ਖਿਲਾਫ ਧਾਰਾ 306 ਤਹਿਤ ਮੁਕੱਦਮਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਸਿਟੀ ਇੰਚਾਰਜ ਇੰਸਪੈਕਟਰ ਰਾਜੇਸ਼ ਸਨੇਹੀ ਅਨੁਸਾਰ ਉਕਤ ਮਾਮਲੇ ’ਚ ਉਸੇ ਸਮੇਂ ਸੀ.ਆਰ.ਪੀ. ਸੀ. ਦੀ ਕਾਰਵਾਈ ਕੀਤੀ ਗਈ ਸੀ, ਜਿਸ ਦੀ ਰਿਪੋਰਟ ਆਉਣ ਅਤੇ ਡਾਕਟਰੀ ਰਾਏ ’ਚ ਮੁਦੱਈ ਹਨੀਫਾ ਪਤਨੀ ਸਵ. ਸੁਲੇਮਾਨ ਵਾਸੀ ਮੁਹੱਲਾ ਭੁਮਸੀ, ਮਾਲੇਰਕੋਟਲਾ ਦੇ ਲਡ਼ਕੇ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਈ ਦੱਸੀ ਹੈ। ਕਾਬਲੇ ਜ਼ਿਕਰ ਹੈ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਮ੍ਰਿਤਕ ਦੀ ਮੌਤ ਨੂੰ ਕੁਦਰਤੀ ਮੌਤ ਨਾ ਮੰਨਦੇ ਹੋਏ ਕਤਲ ਦੱਸਿਆ ਗਿਆ ਸੀ ਅਤੇ ਇਸੇ ਕਾਰਨ ਉਸ ਦੀ ਲਾਸ਼ ਕਈ ਮਹੀਨਿਆਂ ਬਾਅਦ ਪੁਲਸ ਵੱਲੋਂ ਕਬਰ ’ਚੋਂ ਕਢਵਾਈ ਗਈ ਸੀ ਅਤੇ ਜ਼ਰੂਰੀ ਟੈਸਟਾਂ ਲਈ ਉਸ ਦੇ ਸੈਂਪਲ ਆਦਿ ਲੈਣ ਉਪਰੰਤ ਫਿਰ ਤੋਂ ਲਾਸ਼ ਦਫਨਾਈ ਗਈ ਸੀ। ਮ੍ਰਿਤਕ ਦੀ ਮਾਤਾ ਹਨੀਫਾਂ ਅਤੇ ਮ੍ਰਿਤਕ ਦੇ ਭਰਾ ਨਾਸਰ ਨੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਮੁਕੱਦਮੇ ’ਚ ਦੋਸ਼ੀਆਂ ਖਿਲਾਫ ਧਾਰਾ 302 ਲਾਈ ਜਾਣੀ ਚਾਹੀਦੀ ਹੈ। ਜਦੋਂ ਧਾਰਾ 302 ਲਾਉਣ ਸਬੰਧੀ ਇੰਸ. ਰਾਜੇਸ਼ ਸਨੇਹੀ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮੁਕੱਦਮਾ ਅਜੇ ਬੀਤੀ ਰਾਤ ਹੀ ਦਰਜ ਹੋਇਆ ਹੈ ਅਤੇ ਅੱਜ ਸਵੇਰ ਤੋਂ ਉਹ ਬਿਜ਼ੀ ਸਨ, ਇਸ ਲਈ ਮਾਮਲਾ ਦੇਖ ਕੇ ਹੀ ਕੁੱਝ ਕਹਿ ਸਕਦੇ ਹਨ।


KamalJeet Singh

Content Editor

Related News