ਇਕ ਤਾਂ ਕੈਂਸਰ ਦੀ ਨਾ-ਮੁਰਾਦ ਬੀਮਾਰੀ ਉਤੋਂ ਕਾਲੇ ਪੀਲੀਏ ਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਪਸਾਰੇ ਪੈਰ

01/12/2019 2:38:49 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਮਾਲਵਾ ਖੇਤਰ ਦੇ ਚਰਚਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲਾਂ ਕੈਂਸਰ ਦੀ ਨਾ-ਮੁਰਾਦ ਬੀਮਾਰੀ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਸੀ,  ਜਿਸ ਕਾਰਨ ਜ਼ਿਲੇ ’ਚ ਸੈਂਕਡ਼ੇ ਮੌਤਾਂ ਹੋਈਆਂ ਤੇ ਘਰਾਂ ’ਚ ਸੱਥਰ ਵਿਛ ਗਏ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਕਾਲੇ ਪੀਲੀਏ ਦੀ ਨਾ-ਮੁਰਾਦ ਬੀਮਾਰੀ ਨੇ ਵੀ ਉਕਤ ਜ਼ਿਲੇ ’ਚ ਸਾਰੇ ਪਾਸੇ ਘੇਰਾ ਪਾ ਕੇ ਆਪਣੇ ਪੈਰ ਪਸਾਰੇ ਹੋਏ ਹਨ ਤੇ ਅਨੇਕਾਂ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਇਹ ਰੁਝਾਨ ਬਡ਼ਾ ਖਤਰਨਾਕ ਹੈ ਤੇ ਬਡ਼ਾ ਘਾਤਕ ਸਾਬਿਤ ਹੋ ਰਿਹਾ ਹੈ, ਕਿਉਂਕਿ ਕਾਲਾ ਪੀਲੀਆ ਖਤਮ ਹੋਣ ਦੀ ਥਾਂ ਸਗੋਂ ਦਿਨ-ਬ-ਦਿਨ ਹੋਰ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਜਿਸ ਨੂੰ ਕਰੋਡ਼ਾਂ ਰੁਪਏ ਖਰਚ ਕੇ ਬਣਾਇਆ ਗਿਆ ਹੈ, ਵਿਖੇ ਕਾਲੇ ਪੀਲੀਏ ਦੀ ਬੀਮਾਰੀ ਦਾ ਇਲਾਜ ਕਰਨ ਲਈ ਕੋਈ ਡਾਕਟਰ ਹੀ ਨਹੀਂ ਹੈ। ਇਸ ਖੇਤਰ ਦੇ ਲੋਕਾਂ ਦੀ ਮੰਗ ਹੈ ਕਿ ਸਾਰੇ ਸਰਕਾਰੀ ਹਸਪਤਾਲਾਂ ’ਚ ਉਕਤ ਬੀਮਾਰੀ ਤੋਂ ਪੀਡ਼ਤ ਮਰੀਜ਼ਾਂ ਦਾ ਇਲਾਜ ਕਰਨ ਲਈ ਡਾਕਟਰ ਭੇਜੇ ਜਾਣ। ਕਾਲੇ ਪੀਲੀਏ ਦੀ ਬੀਮਾਰੀ ਕਰ ਕੇ ਜਿੱਥੇ ਕਈ ਲੋਕ ਇਸ ਦੀ ਜਕਡ਼ ਵਿਚ ਹਨ, ਉੱਥੇ ਇਸ ਨਾ-ਮੁਰਾਦ ਬੀਮਾਰੀ ਕਰ ਕੇ ਕਈ ਮੌਤਾਂ ਵੀ ਹੋਈਆਂ ਹਨ। ਜਿਹਡ਼ੇ ਵਿਅਕਤੀ ਕਾਲੇ ਪੀਲੀਏ ਤੋਂ ਪੀਡ਼ਤ ਹਨ ਉਨ੍ਹਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਜਾਂਦੀ ਹੈ, ਕਿਉਂਕਿ ਦਵਾਈਆਂ ਵੀ ਸਾਰੀਅਾਂ ਗਰਮ ਹਨ। 
ਫਸਲਾਂ ’ਚ ਹੋ ਰਹੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ
ਕੁਝ ਪਿੰਡਾਂ ਵਿਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਲਾਏ ਗਏ ਆਰ. ਓ. ਸਿਸਟਮ ਚਾਰ-ਚਾਰ ਸਾਲਾਂ ਤੋਂ ਬੰਦ ਪਏ ਹਨ  ਪਰ ਇਨ੍ਹਾਂ ਨੂੰ ਮੁਡ਼ ਚਲਾਉਣ ਦੀ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ। ਫਸਲਾਂ, ਫਲਾਂ ਅਤੇ ਸਬਜ਼ੀਆਂ ਦਾ ਵੱਧ ਝਾਡ਼ ਲੈਣ ਲਈ ਕੀਟਨਾਸ਼ਕ ਦਵਾਈਆਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਵਰਤੋਂ ਖਤਰਨਾਕ ਬੀਮਾਰੀਆਂ ਦਾ ਕਾਰਨ ਹੈ। ਹਰ ਖਾਣ-ਪੀਣ ਵਾਲੀ ਚੀਜ਼ ਵਿਚ ਜ਼ਹਿਰ ਘੁਲਿਆ ਹੋਇਆ ਹੈ, ਜੋ ਬੀਮਾਰੀਆਂ ਦੀ ਜਡ਼੍ਹ ਹੈ ਤੇ ਪੀਲੀਏ ਵਰਗੀ ਬੀਮਾਰੀ ਵਧ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦਾ ਸੀਵਰੇਜ ਦਾ ਗੰਦਾ ਪਾਣੀ ਚੰਦ ਭਾਨ ਡਰੇਨ ਵਿਚ ਪਾਇਆ ਜਾ ਰਿਹਾ ਹੈ ਅਤੇ ਇਸ ਪਾਣੀ ਨਾਲ ਕੱਚਾ ਭਾਗਸਰ ਰੋਡ ’ਤੇ ਕਈ ਏਕਡ਼ ਜ਼ਮੀਨ ਵਿਚ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਮਨੁੱਖ ਸਿਹਤ ਲਈ ਖਤਰਨਾਕ ਹਨ। 
ਕੋਈ ਟੈਸਟ ਨਹੀਂ ਹੁੰਦਾ ਮੁਫਤ 
 ਭਾਵੇਂ ਸਰਕਾਰ ਇਹ ਕਹਿ ਰਹੀ ਹੈ ਕਿ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ ਪਰ ਕਾਲੇ ਪੀਲੀਏ ਦਾ ਕੋਈ ਵੀ ਟੈਸਟ ਮੁਫ਼ਤ ਨਹੀਂ ਕੀਤਾ ਜਾਂਦਾ। ਪਹਿਲਾਂ ਇਹ ਟੈਸਟ 3 ਹਜ਼ਾਰ ਰੁਪਏ ਅਤੇ 2200 ਰੁਪਏ ਵਿਚ ਕੀਤੇ ਜਾਂਦੇ ਹਨ ਪਰ ਹੁਣ ਪੰਜਾਬ ਸਰਕਾਰ ਵੱਲੋਂ ਇਹ ਟੈਸਟ ਸਬਸਿਡੀ ’ਤੇ 18-18 ਸੌ ਰੁਪਏ ’ਚ ਕਰਵਾਏ ਜਾ ਰਹੇ ਹਨ।  ਪੀਡ਼ਤ ਮਰੀਜ਼ਾਂ ਦਾ ਕਹਿਣਾ ਹੈ ਕਿ ਉਕਤ ਬੀਮਾਰੀ ਦਾ ਇਲਾਜ ਬਹੁਤ ਮਹਿੰਗਾ ਹੈ ਤੇ ਗਰੀਬ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ। ਸਰਕਾਰੀ ਹਸਪਤਾਲ ’ਚੋਂ ਤਾਂ ਸਿਰਫ਼ ਗੋਲੀਆਂ ਹੀ ਮਿਲਦੀਆਂ ਹਨ। ਜਦਕਿ ਟੈਸਟ ਤਾਂ ਬਾਹਰੋਂ ਲੈਬੋਟੇਰੀਆਂ ’ਚੋਂ ਕਰਵਾਉਣੇ ਪੈਂਦੇ ਹਨ। ਇਸ ਬੀਮਾਰੀ ਦੇ ਟੀਕੇ ਵੀ ਮਹਿੰਗੇ ਹਨ। 
 ਸਾਲ 2018 ਦੌਰਾਨ 3454 ਮਰੀਜ਼ ਆਏ ਸਾਹਮਣੇ
 ਸਾਲ 2018 ਦੌਰਾਨ ਸਿਹਤ ਵਿਭਾਗ ਵੱਲੋਂ ਇਕ ਰਿਪੋਰਟ ਜਾਰੀ ਕੀਤੀ ਗਈ ਸੀ। ਜਿਸ ਅਨੁਸਾਰ ਸੂਬੇ ਭਰ ਦੇ 22 ਜ਼ਿਲਿਅਾਂ ਵਿਚ 40 ਹਜ਼ਾਰ 361 ਲੋਕ ਕਾਲੇ ਪੀਲੀਏ ਦੀ ਬੀਮਾਰੀ ਦੀ ਜਕਡ਼ ’ਚ ਆਏ ਹੋਏ ਸਨ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦਾ ਨੰਬਰ ਤੀਜਾ ਦੱਸਿਆ ਜਾ ਰਿਹਾ ਹੈ ਤੇ ਇੱਥੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ 3454 ਹੈ, ਜਦਕਿ ਸੰਗਰੂਰ ਜ਼ਿਲੇ ਦਾ ਨੰਬਰ ਪਹਿਲਾ ਹੈ ਜਿੱਥੇ 5678 ਮਰੀਜ਼ ਹਨ ਅਤੇ ਤਰਨਤਾਰਨ ਜ਼ਿਲਾ ਨੰਬਰ 2 ’ਤੇ ਹੈ ਅਤੇ ਇੱਥੇ 3512 ਮਰੀਜ਼ ਹਨ। ਇਸੇ ਤਰ੍ਹਾਂ ਜ਼ਿਲਾ ਅੰਮ੍ਰਿਤਸਰ ਵਿਚ 3290 ਮਰੀਜ਼, ਫਰੀਦਕੋਟ ਵਿਚ 3200, ਮੋਗਾ ਵਿਚ 3177, ਲੁਧਿਆਣਾ ਵਿਚ 2228, ਬਠਿੰਡਾ ਵਿਚ 2818, ਮਾਨਸਾ ਵਿਚ 2202, ਬਰਨਾਲਾ ਵਿਚ 1782, ਫਿਰੋਜ਼ਪੁਰ ਵਿਚ 1650, ਪਟਿਆਲਾ ਵਿਚ 1338, ਨਵਾਂਸ਼ਹਿਰ ਵਿਚ 1226, ਫਾਜ਼ਿਲਕਾ ਵਿਚ 1123, ਜਲੰਧਰ ਵਿਚ 1072, ਗੁਰਦਾਸਪੁਰ ਵਿਚ 967, ਹੁਸ਼ਿਆਰਪੁਰ ਵਿਚ 767, ਕਪੂਰਥਲਾ ਵਿਚ 641, ਫਹਿਤਗਡ਼੍ਹ ਸਾਹਿਬ ਵਿਚ 589, ਰੂਪਨਗਰ ਵਿਖੇ 271, ਮੁਹਾਲੀ ਵਿਖੇ 212 ਤੇ ਪਠਾਨਕੋਟ ਜ਼ਿਲੇ ਵਿਚ ਕਾਲੇ ਪੀਲੀਏ ਦੇ 63 ਮਰੀਜ਼ ਲੱਭੇ ਗਏ ਹਨ। ਜਦਕਿ ਕਈ ਲੋਕ ਅਜਿਹੇ ਵੀ ਹੋਣਗੇ, ਜਿਨ੍ਹਾਂ ਦੀ ਗਿਣਤੀ-ਮਿਣਤੀ ਸਰਕਾਰੀ ਹਸਪਤਾਲਾਂ ਵਿਚ ਦਰਜ ਨਹੀਂ ਹੋਵੇਗੀ।
 ਮਾੜਾ ਪਾਣੀ ਵਧਾ ਰਿਹੈ ਪੀਲੀਏ ਦੀ ਬੀਮਾਰੀ
 ਡਾਕਟਰਾਂ ਅਨੁਸਾਰ ਮਾਡ਼ੇ ਪਾਣੀ ਦਾ ਨਤੀਜਾ ਹੀ ਕਾਲੇ ਪੀਲੀਏ ਦੀ ਬੀਮਾਰੀ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਜ਼ਿਲੇ ਦੇ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਖਰਾਬ  ਹੈ। ਉਸ ’ਚ ਤੇਜ਼ਾਬ ਅਤੇ ਸ਼ੋਰੇ ਦੇ ਭਾਰੀ ਤੱਤ ਹਨ। ਪਾਣੀ ਵਿਚ ਟੀ. ਡੀ. ਐੱਸ. ਦੀ ਮਾਤਰਾ ਤਿੰਨ ਹਜ਼ਾਰ ਤੋਂ ਵੀ ਉਪਰ ਟੱਪ ਚੁੱਕੀ ਹੈ। ਮਜਬੂਰੀ ਵੱਸ ਅਨੇਕਾਂ ਲੋਕ ਇਹ ਮਾਡ਼ਾ ਪਾਣੀ ਹੀ ਵਰਤਦੇ ਹਨ ਤੇ ਇਹ ਪਾਣੀ ਕਾਲੇ ਪੀਲੀਏ ਵਰਗੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
 


KamalJeet Singh

Content Editor

Related News