ਸੰਗਰੂਰ ਪਹੁੰਚੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Wednesday, Aug 31, 2022 - 05:55 PM (IST)
ਸੰਗਰੂਰ (ਰਵੀ) : ਅੱਜ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਵਿਖੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਵਿਕਾਸ ਨੂੰ ਲੈ ਕੇ ਆ ਰਹੀਆਂ ਕਮੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕੀ ਪੰਜਾਬ 'ਚ ਚਾਹੇ ਵਿਰੋਧੀ ਧਿਰ ਦੀ ਸਰਕਾਰ ਹੈ ਪਰ ਸੰਗਰੂਰ ਜ਼ਿਲ੍ਹੇ ਦੇ ਵਿਕਾਸ ਲਈ ਰਲ਼-ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਮੇਰੇ ਵੱਲੋਂ ਕੋਈ ਸਿਆਸਤ ਨਹੀਂ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਮੈਂ ਅੱਜ ਜ਼ਿਲ੍ਹੇ ਦਾ ਜਾਇਜ਼ਾ ਲਿਆ ਹੈ ਅਤੇ ਸਾਰੇ ਵਿਕਾਸ ਕਾਰਜ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾ ਰਹੇ ਹਨ ਅਤੇ ਮੈਨੂੰ ਕਿਸੇ ਵੀ ਤਰੀਕੇ ਦੀ ਘਾਟ ਨਹੀਂ ਨਜ਼ਰ ਆਈ।
ਪਸ਼ੂਆਂ 'ਚ ਫੈਲ ਰਹੀ ਲੰਪੀ ਸਕਿਨ ਬੀਮਾਰੀ 'ਤੇ ਬੋਲੇ ਸਿਮਰਨਜੀਤ ਮਾਨ
ਇਸ ਮੌਕੇ ਪਸ਼ੂਆਂ 'ਚ ਫੈਲ ਰਹੀ ਲੰਪੀ ਸਕਿਨ ਬੀਮਾਰੀ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਹਰ ਇਕ ਪਸ਼ੂ ਬਦਲੇ ਨਿਰਧਾਰਿਤ ਰਕਮ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਦੇਖਭਾਲ ਗਊਸ਼ਾਲਾ 'ਚ ਹੀ ਕੀਤੀ ਜਾ ਸਕੇ ਅਤੇ ਕਿਸਾਨਾਂ ਜਾਂ ਆਮ ਲੋਕਾਂ ਨੂੰ ਇਸ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਫਿਲਹਾਲ ਕੇਂਦਰ ਸਰਕਾਰ ਇਸ ਬੀਮਾਰੀ ਦਾ ਕੋਈ ਠੋਸ ਹੱਲ ਨਹੀਂ ਕੱਢ ਸਕੀ ਪਰ ਮੈਂ ਸੁਝਾਅ ਦਿੰਦਾ ਹਾਂ ਕੀ ਉਨ੍ਹਾਂ ਨੂੰ ਪਸ਼ੂਆਂ ਨੂੰ ਗਊਸ਼ਾਲਾਂ 'ਚ ਭੇਜਣਾ ਚਾਹੀਦਾ ਹੈ ਕਿਉਂਕਿ ਇਸ ਕਾਰਨ ਕਿਸਾਨਾਂ ਨੂੰ ਭਾਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਰਨਤਾਰਨ ਵਿਖੇ ਚਰਚ 'ਤੇ ਹੋਏ ਹਮਲੇ ਬਾਰੇ ਬੋਲੇ ਸਾਂਸਦ ਮਾਨ
ਤਰਨਤਾਰਨ ਵਿਖੇ ਬੀਤੀ ਰਾਤ ਚਰਚ 'ਚ ਵਾਪਰੀ ਘਟਨਾ ਦੇ ਸੰਬੰਧ 'ਚ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣਾ ਬਹੁਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘੱਟ ਪ੍ਰਚਾਰ ਕੀਤਾ ਜਾ ਰਿਹਾ , ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਮਾਨ ਨੇ ਕਿਹਾ ਕਿ 11 ਸਾਲਾਂ ਤੋਂ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਸਿੱਖਾਂ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਕੋਲੋਂ ਐੱਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਈਆਂ ਜਾਣ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤੇ ਜਾਣ ਦੀ ਅਪੀਲ ਕੀਤੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਹੋਵੇ ਚੰਡੀਗੜ੍ਹ ਏਅਰਪੋਰਟ ਜਾ ਨਾਮ : ਸਾਂਸਦ ਮਾਨ
ਸੰਸਦ ਮੈਂਬਰ ਮਾਨ ਨੇ ਕਿਹਾ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਚੱਪੜਚਿੜੀ ਵਿੱਚ ਮੁਗ਼ਲ ਰਾਜ ਨੂੰ ਹਰਾਇਆ ਸੀ ਅਤੇ ਇਸੇ ਇਲਾਕੇ 'ਚ ਚੰਡੀਗੜ੍ਹ ਏਅਰਪੋਰਟ ਬਣਾਇਆ ਗਿਆ ਹੈ, ਇਸ ਲਈ ਉਨ੍ਹਾਂ ਦੇ ਨਾਮ 'ਤੇ ਹੀ ਇਹ ਨਾਮ ਰੱਖਿਆ ਜਾਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।