ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੋਹਾਲੀ ਦੇ 102 ਮਾਮਲਿਆਂ ਤੋਂ ਜ਼ੀਰੋ ਤਕ ਦੇ ਸਫਰ ਦੀ ਲਈ ਜਾਣਕਾਰੀ

05/22/2020 6:13:46 PM

ਐਸ ਏ ਐਸ ਨਗਰ : ਜ਼ਿਲ੍ਹਾ ਨੂੰ ਕੋਰੋਨਾ ਮੁਕਤ ਸਥਿਤੀ ਵੱਲ ਲਿਜਾਣ 'ਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੂੰ ਵਧਾਈ ਦਿੰਦੇ ਹੋਏ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਨੂੰ ਸੈਂਕੜੇ ਤੋਂ ਜ਼ੀਰੋ ਤੱਕ ਲਿਆ ਕੇ ਵਾਇਰਸ ਹਰਾਉਣਾ ਇਕ ਸ਼ਲਾਘਾਯੋਗ ਸਫਰ ਹੈ। ਜ਼ਿਲ੍ਹੇ ਵਿਖੇ ਠਹਿਰਾਅ ਦੌਰਾਨ ਤਿਵਾੜੀ ਨੇ ਕੋਵਿਡ -19 ਦੀ ਦਲਦਲ 'ਚੋਂ ਬਾਹਰ ਕੱਢਣ ਲਈ ਜ਼ਿਲ੍ਹੇ ਵਿੱਚ ਅਪਣਾਈ ਗਈ ਰਣਨੀਤੀ ਬਾਰੇ ਜਾਣਕਾਰੀ ਲਈ। ਉਹਨਾਂ ਗਿਰਿਸ਼ ਦਿਆਲਨ ਨੂੰ ਸੁਝਾਅ ਦਿੱਤਾ ਕਿ ਉਹ ਹੋਰ ਜ਼ਿਲ੍ਹਿਆਂ ਵਿੱਚ ਆਪਣੇ ਹਮਰੁਤਬਾ ਨਾਲ ਵਧੀਆ ਅਭਿਆਸ ਸਾਂਝੇ ਕਰੇ ਤਾਂ ਜੋ ਸੂਬੇ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਿੱਚ ਤੇਜ਼ੀ ਆਵੇ।

ਮੈਂਬਰ ਪਾਰਲੀਮੈਂਟ ਨੇ ਜ਼ਿਲੇ ਨੂੰ ਕੋਵਿਡ-19 ਵਿਰੁੱਧ ਲੜਾਈ ਲੜਨ ਲਈ 25 ਲੱਖ ਰੁਪਏ ਦੀ ਰਕਮ ਦਿੱਤੀ ਅਤੇ ਦੱਸਿਆ ਗਿਆ ਕਿ ਇਸ ਰਕਮ ਦੀ ਵਰਤੋਂ ਜ਼ਿਲ੍ਹੇ ਲਈ ਐਡਵਾਂਸਡ ਲਾਈਫ ਸਪੋਰਟ (ਏ. ਐੱਲ. ਐੱਸ.) ਐਂਬੂਲੈਂਸ ਲਈ ਕੀਤੀ ਜਾਏਗੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਫਰੰਟਲਾਈਨ ਯੋਧਿਆਂ ਦੀਆਂ ਚਿੰਤਾਵਾਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਉਹ ਇਹਨਾਂ ਲਈ ਬਹੁਤ ਚਿੰਤਾ ਮਹਿਸੂਸ ਕਰ ਰਹੇ ਹਨ, ਉਹ ਨਾ ਸਿਰਫ ਭਾਰੀ ਤਣਾਅ ਵਿਚ ਕੰਮ 'ਤੇ ਡਟੇ ਹਏ ਹਨ ਬਲਕਿ ਆਪਣੇ ਘਰ ਪਰਿਵਾਰਾਂ ਵਿਚ ਵਾਇਰਸ ਨੂੰ ਲਿਆਉਣ ਦੇ ਡਰ ਦਾ ਵੀ ਸਾਹਮਣਾ ਕਰਦੇ ਹਨ।
ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਗਿਰੀਸ਼ ਦਿਆਲਨ ਨੇ ਕਿਹਾ ਕਿ ਇਹ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਅਤੇ ਸੰਕਟ ਦੇ ਸਮੇਂ ਨਿਰੰਤਰ ਪ੍ਰਦਰਸ਼ਨ ਲਈ ਉਨ੍ਹਾਂ ਦੇ ਯਤਨਾਂ ਦਾ ਇਨਾਮ ਦੇਣ ਲਈ ਇਕ ਜ਼ਰੂਰੀ ਢੰਗ ਲੱਭਣ ਦੀ ਜ਼ਰੂਰਤ ਹੈ। ਇਸ ਮੌਕੇ ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ, ਕੰਵਰਬੀਰ (ਰੂਬੀ) ਸਿੱਧੂ ਅਤੇ ਸ਼੍ਰੀਮਤੀ ਆਸ਼ਿਕਾ ਜੈਨ ਏ. ਡੀ. ਸੀ. ਵੀ ਹਾਜ਼ਰ ਸਨ।


Deepak Kumar

Content Editor

Related News