ਮੋਟਰਸਾਈਕਲ ਤੇ ਕਾਰ ਵਿਚਕਾਰ ਭਿਆਨਕ ਟੱਕਰ, ਨੌਜਵਾਨ ਦੀ ਮੌਕੇ ''ਤੇ ਮੌਤ
Thursday, Oct 30, 2025 - 08:47 PM (IST)
 
            
            ਬਰੇਟਾ, (ਬੰਸਲ)- ਜਾਖਲ ਰੋਡ ਤੇ ਮੈਦਾ ਮਿਲ ਨੇੜੇ ਮੋਟਰਸਾਈਕਲ ਤੇ ਹੁੰਡਾਈ ਕਾਰ ਵਿਚਕਾਰ ਵਾਪਰੀ ਭਿਆਨਕ ਦੁਰਘਟਨਾ ਵਿੱਚ ਇੱਕ 18 ਸਾਲਾਂ ਦੇ ਨੌਜਵਾਨ ਗੁਰਸੇਵਕ ਸਿੰਘ ਬਖਸ਼ੀਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸਤੋਂ ਇਲਾਵਾ ਹਾਦਸੇ 'ਚ ਅਵਤਾਰ ਸਿੰਘ ਨਾਂ ਦਾ ਵਿਅਕਤੀ ਗੰਭੀਰ ਜਖਮੀ ਹੋ ਗਿਆ। ਕਾਰ ਚਾਲਕ ਠੀਕ ਹੈ ਜਦੋਂਕਿ ਵਿੱਚ ਬੈਠੀ ਮਹਿਲਾ ਦੇ ਸਿਰ ਵਿੱਚ ਸੱਟ ਲੱਗਣ 'ਤੇ ਪਟਿਆਲਾ ਲਿਜਾਇਆ ਗਿਆ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਤਿੰਨ ਪਲਟੀਆਂ ਖਾ ਗਈ ਤੇ ਦੇਖਣ ਵਾਲੇ ਹੈਰਾਨ ਰਹਿ ਗਏ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਪਲਟੀ ਹੋਈ ਕਾਰ ਵਿੱਚੋਂ ਜ਼ਖਮੀ ਔਰਤ ਤੇ ਚਾਲਕ ਮੰਗਤ ਰਾਮ ਨੂੰ ਬਾਹਰ ਕੱਢਿਆ। ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਬਖਸ਼ੀਵਾਲਾ ਤੋਂ ਬਰੇਟਾ ਵੱਲ ਆ ਰਿਹਾ ਸੀ ਤੇ ਕਾਰ ਕਿਸੇ ਵਿਆਹ ਸਮਾਗਮ ਤੋਂ ਆਈ ਜਾਪਦੀ ਸੀ, ਜੋ ਜਾਖਲ ਵੱਲ ਜਾ ਰਹੀ ਸੀ। ਜਿਸ ਵਿੱਚ ਵਿਆਹ ਦੀ ਮਠਿਆਈ ਵੀ ਖਿਲਰੀ ਦੇਖੀ ਗਈ। ਜਾਣਕਾਰੀ ਮਿਲਦਿਆਂ ਹੀ ਬਰੇਟਾ ਪੁਲਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨਾਂ ਨੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪਤਾ ਲੱਗਾ ਹੈ ਕਿ ਕਾਰ ਟੋਹਾਣਾ ਦੀ ਸੀ। ਮ੍ਰਿਤਕ ਬਖਸ਼ੀਵਾਲਾ ਦਾ ਦੱਸਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            