ਇੰਡੀਗੋ ਦੀ ਫਲਾਈਟ ''ਚ ਆਏ 2 ਵਿਅਕਤੀਆਂ ਤੋਂ 6 ਕਰੋੜ ਦੇ ਗਹਿਣੇ ਬਰਾਮਦ
Thursday, Sep 20, 2018 - 12:05 AM (IST)

ਮੋਹਾਲੀ,(ਕੁਲਦੀਪ) -ਇੰਟਰਨੈਸ਼ਨਲ ਏਅਰਪੋਰਟ 'ਤੇ ਪੁਲਸ ਵਲੋਂ ਕਰੋੜਾਂ ਰੁਪਏ ਦਾ ਡਾਇਮੰਡ ਸਟੈਂਡਰਡ ਗੋਲਡ ਤੇ ਸਿਲਵਰ ਜਿਊਲਰੀ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰਪੋਰਟ ਸਥਿਤ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹੈਦਰਾਬਾਦ ਤੋਂ ਮੋਹਾਲੀ ਪਹੁੰਚੀ ਇੰਡੀਗੋ ਦੀ ਫਲਾਈਟ 'ਚੋਂ ਉਤਰੇ ਦੋ ਵਿਅਕਤੀਆਂ ਕੋਲੋਂ ਇਹ ਗਹਿਣੇ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਉਕਤ ਫਲਾਈਟ ਤੋਂ ਦੋ ਵਿਅਕਤੀ ਰਾਜੇਸ਼ ਮੀਨਾਂਵਾਲਾ ਤੇ ਧਨਰਾਜ ਮੀਨਾਂਵਾਲਾ ਉਤਰੇ ਸਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਵਿਅਕਤੀ ਭਾਰੀ ਮਾਤਰਾ 'ਚ ਗੋਲਡ ਲੈ ਕੇ ਆਏ ਹਨ ਤਾਂ ਪੁਲਸ ਨੇ ਚੈਕਿੰਗ ਕੀਤੀ । ਚੈਕਿੰਗ ਦੌਰਾਨ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਗਹਿਣੇ ਬਰਾਮਦ ਹੋਏ।
ਐੱਸ. ਐੱਚ. ਓ. ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਮੁੰਬਈ ਤੋਂ 14 ਸਤੰਬਰ ਨੂੰ ਚੱਲੇ ਸਨ, ਜੋ ਕਿ ਹੈਦਰਾਬਾਦ ਤੋਂ ਇੰਡੀਗੋ ਦੀ ਫਲਾਈਟ ਤੋਂ ਮੰਗਲਵਾਰ ਨੂੰ ਮੋਹਾਲੀ ਏਅਰਪੋਰਟ 'ਤੇ ਪੁੱਜੇ। ਜਦੋਂ ਦੋਵਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਹ ਗਹਿਣੇ ਵੇਚਣ ਲਈ, ਨਹੀਂ ਸਗੋਂ ਕਿਤੇ ਪ੍ਰਰਦਸ਼ਨੀ ਲਾਉਣ ਲਈ ਲੈ ਕੇ ਆਏ ਸਨ ਪਰ ਉਹ ਇਸ ਬਾਰੇ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਏਅਰਪੋਰਟ ਪੁਲਸ ਸਟੇਸ਼ਨ ਵਿਚ ਡੀ. ਡੀ. ਆਰ. ਦਰਜ ਕਰਕੇ ਸੂਚਨਾ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਦਿੱਤੀ । ਇਸ ਦੌਰਾਨ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਗਹਿਣਿਆਂ ਨੂੰ ਕਬਜ਼ੇ 'ਚ ਲੈ ਲਿਆ। ਸੰਪਰਕ ਕਰਨ 'ਤੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਮੋਬਾਇਲ ਵਿੰਗ ਚੰਡੀਗੜ੍ਹ ਸ਼ਾਲਿਨ ਵਾਲੀਆ ਨੇ ਦੱਸਿਆ ਕਿ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵਲੋਂ ਕਬਜ਼ੇ 'ਚ ਲਏ ਗਏ ਗਹਿਣਿਆਂ ਦੀ ਕੀਮਤ 6 ਕਰੋੜ ਰੁਪਏ ਦੱਸੀ ਗਈ ਹੈ। ਵਿਭਾਗ ਨੇ ਗਹਿਣਿਆਂ 'ਤੇ 35 ਲੱਖ 75 ਹਜ਼ਾਰ ਰੁਪਏ ਦਾ ਟੈਕਸ ਤੇ ਪੈਨਲਟੀ ਲਾ ਦਿੱਤੀ ਹੈ, ਜਦ ਤਕ ਪੰਜਾਬ ਸਰਕਾਰ ਨੂੰ ਇਹ ਟੈਕਸ ਅਤੇ ਪੈਨਲਟੀ ਜਮ੍ਹਾ ਨਹੀਂ ਕਰਵਾਈ ਜਾਂਦੀ, ਉਦੋਂ ਤਕ ਇਹ ਗਹਿਣੇ ਰਿਲੀਜ਼ ਨਹੀਂ ਕੀਤੇ ਜਾਣਗੇ।