ਕਰਫਿਊ ''ਚ ਰਾਸ਼ਨ ਸਮੱਗਰੀ ਵੰਡਣ ਲਈ ਮੋਫਰ ਵੱਲੋਂ ਪ੍ਰਸ਼ਾਸ਼ਨ ਨੂੰ ਕਮੇਟੀਆਂ ਬਣਾਉਣ ਦੀ ਸਲਾਹ
Tuesday, Mar 31, 2020 - 07:14 PM (IST)
ਮਾਨਸਾ, (ਮਿੱਤਲ)- ਬਲਾਕ ਝੁਨੀਰ ਅਤੇ ਸਰਦੂਲਗੜ੍ਹ ਅੰਦਰ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਤਰਤੀਬਵੱਧ ਕਮੇਟੀਆਂ ਬਣਾ ਕੇ ਇਸ ਵਾਸਤੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਹੋਰਨਾਂ ਹਲਕਿਆਂ ਅਤੇ ਕਸਬਿਆਂ ਵਿੱਚ ਵੀ ਇਸੇ ਤੱਥ ਤੇ ਇਹ ਕਮੇਟੀਆਂ ਬਣਾ ਕੇ ਲੋੜਵੰਦਾਂ ਤੱਕ ਰਾਸ਼ਨ ਅਤੇ ਲੰਗਰ ਪਹੁੰਚਾਉਣ ਦੀ ਜਰੂਰਤ ਹੈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਤੇ ਹੋਰਨਾਂ ਅਧਿਕਾਰੀਆਂ ਨਾਲ ਇਹ ਮੀਟਿੰਗ ਕਰਕੇ ਉਨ੍ਹਾਂ ਨੂੰ ਇਹ ਸੁਝਾਅ ਦਿੱਤਾ ਹੈ। ਮੋਫਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਵਿੱਚ ਜੋ ਗਰੀਬ ਪਰਿਵਾਰ ਰੋਜੀ ਰੋਟੀ ਤੋਂ ਵਾਂਝੇ ਹਨ। ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਇੱਕ ਪੁਲਿਸ ਮੁਲਾਜਮ, ਪਿੰਡ ਦਾ ਨੰਬਰਦਾਰ, ਪੰਚਾਇਤ ਸਕੱਤਰ ਅਤੇ ਪਿੰਡ ਦਾ ਸਰਪੰਚ ਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਮੇਟੀਆਂ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਅੰਦਰ ਲੋੜਵੰਦ ਪਰਿਵਾਰਾਂ ਅਤੇ ਘਰਾਂ ਦਾ ਮੌਕੇ ਤੇ ਸਰਵੇ ਕਰਕੇ ਉਨ੍ਹਾਂ ਦੀ ਸੂਚੀ ਤਿਆਰ ਕਰਨਗੀਆਂ ਅਤੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਸਹਾਇਤਾ ਦੇ ਅਧੀਨ ਇਨ੍ਹਾਂ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਅਤੇ ਹੋਰ ਸਮੱਗਰੀ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੀਆਂ। ਇਸ ਦੇ ਇਲਾਵਾ ਪਿੰਡ ਵਿੱਚੋਂ ਇੱਕਠੀ ਕੀਤੀ ਗਈ ਰਾਸ਼ਨ ਸਮੱਗਰੀ ਵੀ ਉਕਤ ਕਮੇਟੀਆਂ ਹੀ ਲੋਕਾਂ ਵਿੱਚ ਹੀ ਵੰਡਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੋਈ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹੇਗਾ ਅਤੇ ਸਰਕਾਰ ਦੀ ਸਹਾਇਤਾ ਲੋਕਾਂ ਦੇ ਬੂਹੇ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਵਿਅਕਤੀ ਜਾ ਪਰਿਵਾਰ ਇਸ ਤੋਂ ਵਾਂਝਾ ਰਹਿ ਗਿਆ ਤਾਂ ਉਹ ਇਨ੍ਹਾਂ ਕਮੇਟੀਆਂ ਨਾਲ ਸੰਪਰਕ ਕਰਕੇ ਆਪਣੀ ਮੁਸ਼ਕਿਲ ਦੱਸ ਸਕਦਾ ਹੈ। ਬਿਕਰਮ ਮੋਫਰ ਦੇ ਇਸ ਸੁਝਾਅ ਦਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸਵਾਗਤ ਕਰਦਿਆਂ ਕਿਹਾ ਕਿ ਹੋਰਨਾਂ ਪਿੰਡਾਂ ਅਤੇ ਕਸਬਿਆਂ ਵਿੱਚ ਰਾਸ਼ਨ ਸਮੱਗਰੀ ਵੰਡਣ ਲਈ ਇਸੇ ਤਰਜ ਤੇ ਕਮੇਟੀਆਂ ਬਣਾਉਣ ਤੇ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਰਿਆਨਾ ਯੂਨੀਅਨ ਮਾਨਸਾ ਦੇ ਪ੍ਰਧਾਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਏ.ਪੀ.ਆਰ.ਓ ਪਰਮਪ੍ਰੀਤ ਸਿੰਘ ਨਰੂਲਾ, ਏ.ਡੀ.ਸੀ (ਵਿਕਾਸ) ਗੁਰਮੀਤ ਸਿੰਘ ਸੰਧੂ ਵੀ ਮੌਜੂਦ ਸਨ।